ਪੇਂਡੂ ਮਜ਼ਦੂਰ ਯੂਨੀਅਨ ਨੇ ਕੈਪਟਨ ਸਰਕਾਰ ਦੀ ਅਰਥੀ ਫੂਕੀ

07/08/2017 7:04:45 AM

ਸੁਲਤਾਨਪੁਰ ਲੋਧੀ, (ਸੋਢੀ)- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਵੱਖ-ਵੱਖ ਪਿੰਡਾਂ 'ਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਪੁਤਲੇ ਸਾੜ ਕੇ ਸਰਕਾਰ ਖਿਲਾਫ ਰੋਸ ਮੁਜ਼ਾਹਰੇ ਕੀਤੇ ਗਏ। ਪੇਂਡੂ ਮਜ਼ਦੂਰ ਯੂਨੀਅਨ ਵਲੋਂ ਪਿੰਡ ਸੈਫਲਾਬਾਦ ਵਿਖੇ ਦਲਿਤ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਨਾ ਦੇਣ 'ਤੇ ਪੰਚਾਇਤੀ ਜ਼ਮੀਨ 'ਚ ਬਣਦਾ ਹੱਕ ਨਾ ਦਿਵਾਉਣ ਤੇ ਯੂਨੀਅਨ ਦੇ ਸੂਬਾਈ ਆਗੂ ਬਲਵਿੰਦਰ ਸਿੰਘ ਭੁੱਲਰ, ਹੰਸਾ ਸਿੰਘ ਮੁੰਡੀ ਤੇ ਪਿਆਰਾ ਸਿੰਘ ਭੰਡਾਲ ਦੋਨਾਂ 'ਤੇ ਜਾਨਲੇਵਾ ਹਮਲਾ ਕਰਨ ਦੇ ਰੋਸ ਵਜੋਂ ਇਹ ਰੋਸ ਪ੍ਰਦਰਸ਼ਨ ਕੀਤੇ ਗਏ। 
ਯੂਨੀਅਨ ਦੇ ਜ਼ਿਲਾ ਸਕੱਤਰ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਦੱਸਿਆ ਕਿ ਦਲਿਤ ਮਜ਼ਦੂਰਾਂ ਵਲੋਂ ਪਿੰਡ ਨਸੀਰੇਵਾਲ, ਰਾਮਪੁਰ ਜਗੀਰ ਬਸਤੀ, ਜਵਾਲਾਪੁਰ, ਭੰਡਾਲ ਦੋਨਾਂ, ਮੰਡੀ ਮੋੜ ਆਦਿ ਪਿੰਡਾਂ 'ਚ ਕੈਪਟਨ ਸਰਕਾਰ ਵਿਰੁੱਧ ਪੁਤਲੇ ਫੂਕ ਮੁਜ਼ਾਹਰੇ ਕੀਤੇ ਗਏ ਹਨ। 
ਰੋਸ ਮੁਜ਼ਾਹਰਿਆਂ ਨੂੰ ਨਿਰਮਲ ਸਿੰਘ ਸ਼ੇਰਪੁਰ ਸੱਧਾ, ਕੁਲਵਿੰਦਰ ਸਿੰਘ ਨਸੀਰੇਵਾਲ, ਅਮਰਜੀਤ ਸਿੰਘ ਜਵਾਲਾਪੁਰ, ਸੁੱਚਾ ਸਿੰਘ ਨਸੀਰੇਵਾਲ, ਹੰਸਾ ਸਿੰਘ ਮੁੰਡੀ, ਮੰਗਾ ਗਿੱਲ ਰਾਮਪੁਰ ਜਗੀਰ, ਪਿਆਰਾ ਸਿੰਘ ਭੰਡਾਲ ਦੋਨਾ, ਪੂਰਨ ਸਿੰਘ ਮੁੰਡੀ ਛੰਨਾ ਆਦਿ ਆਗੂਆਂ ਨੇ ਸੰਬੋਧਨ ਕੀਤਾ। 
ਉਕਤ ਆਗੂਆਂ ਨੇ ਦੱਸਿਆ ਕਿ ਪਿੰਡ ਸੈਫਲਾਬਾਦ ਦੀ ਪੰਚਾਇਤ ਵਲੋਂ ਕੁਝ ਸਾਲ ਪਹਿਲਾਂ ਪੰਚਾਇਤੀ ਜ਼ਮੀਨ 'ਚ ਨਿਸ਼ਾਨੀਆਂ ਲਗਾ ਕੇ ਦਲਿਤ ਪਰਿਵਾਰਾਂ ਨੂੰ ਪਲਾਟ ਦੇਣ ਲਈ ਜ਼ਮੀਨ ਵੀ ਛੱਡ ਦਿੱਤੀ ਗਈ ਸੀ ਤੇ ਇਸ ਤੋਂ ਬਾਅਦ ਇਸ ਸੰਬੰਧੀ ਸੰਨਦਾਂ ਵੀ ਦਿੱਤੀਆਂ ਗਈਆਂ। ਪ੍ਰੰਤੂ ਇਸਦੇ ਬਾਵਜੂਦ ਵੀ ਦਲਿਤਾਂ ਨੂੰ ਮਾਲਕਾਨਾ ਹੱਕ ਨਹੀਂ ਦਿੱਤੇ ਗਏ। ਉਨ੍ਹਾਂ ਕਿਹਾ ਕਿ ਪਿੰਡ ਦੀ 90 ਏਕੜ ਪੰਚਾਇਤੀ ਜ਼ਮੀਨ 'ਚ 30 ਏਕੜ ਜ਼ਮੀਨ ਦਲਿਤਾਂ ਦੇ ਹਿੱਸੇ ਆਉਂਦੀ ਹੈ, ਜੋ ਨਹੀਂ ਦਿੱਤੀ ਜਾ ਰਹੀ। ਉਕਤ ਆਗੂਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਯੂਨੀਅਨ ਮਜਬੂਰ ਹੋ ਕੇ ਤਿੱਖਾ ਸੰਘਰਸ਼ ਸ਼ੁਰੂ ਕਰੇਗੀ। 
ਪੇਂਡੂ ਮਜ਼ਦੂਰ ਯੂਨੀਅਨ ਨੇ ਇਸ ਸਮੇਂ ਯੂਨੀਅਨ ਆਗੂਆਂ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਤੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ। ਯੂਨੀਅਨ ਨੇ ਝੂਠੀ ਮੈਡੀਕਲ ਰਿਪੋਰਟ ਤਿਆਰ ਕਰਨ ਵਾਲੇ ਅਮਲੇ ਖਿਲਾਫ ਵੀ ਜਾਂਚ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ।

Vijay Kumar Chopra

This news is Chief Editor Vijay Kumar Chopra