ਮੁੱਖ ਮੰਤਰੀ ਚੰਨੀ ਦੇ ਜ਼ਿਲ੍ਹੇ ਰੂਪਨਗਰ ''ਚ ਮਾਈਨਿੰਗ ਮਹਿਕਮੇ ਨੇ ਕੱਸਿਆ ਸ਼ਿਕੰਜਾ, ਸਟਾਕ ਕੀਤਾ ਬਰਾਮਦ

10/14/2021 5:02:26 PM

ਨੂਰਪੁਰ ਬੇਦੀ (ਭੰਡਾਰੀ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜ਼ਿਲ੍ਹੇ ਵਿਚ ਮਾਈਨਿੰਗ ਮਹਿਕਮੇ ਨੇ ਪੂਰੀ ਤਰ੍ਹਾਂ ਸ਼ਿਕੰਜਾ ਕੱਸ ਦਿੱਤਾ ਹੈ। ਦਰਅਸਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰੂਪਨਗਰ ਜ਼ਿਲ੍ਹੇ ਨਾਲ ਸਬੰਧਤ ਹੋਣ ਕਰ ਕੇ ਖੇਤਰ ਦੀਆਂ ਤਮਾਮ ਨਦੀਆਂ ਅਤੇ ਖੱਡਾਂ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ’ਤੇ ਕਾਨੂੰਨ ਨੂੰ ਛਿੱਕੇ ਟੰਗ ਕੇ ਚਲਾਏ ਜਾ ਰਹੇ ਨਾਜਾਇਜ਼ ਕ੍ਰੈਸ਼ਰਾਂ ਦੇ ਗੋਰਖਧੰਦੇ ਵਿਰੁੱਧ ਕਾਰਵਾਈ ਹੋਣ ਦੇ ਜੋ ਕਿਆਸ ਲਾਏ ਜਾ ਰਹੇ ਸਨ, ਉਹ ਮਾਈਨਿੰਗ ਮਹਿਕਮੇ ਵੱਲੋਂ ਮੁੜ ਕੀਤੀ ਗਈ ਇਕ ਵੱਡੀ ਕਾਰਵਾਈ ਨੇ ਸੱਚ ਸਾਬਤ ਕਰ ਦਿੱਤੇ ਹਨ। ਭਾਵੇਂ ਮੁੱਖ ਮੰਤਰੀ ਵੱਲੋਂ ਅਹੁਦਾ ਸੰਭਾਲਣ ਮੌਕੇ ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਸਖ਼ਤੀ ਵਿਖਾਉਣ ਦਾ ਐਲਾਨ ਕੀਤਾ ਗਿਆ ਸੀ, ਜਦਕਿ ਇਸ ਦੇ ਬਾਵਜੂਦ ਅਜੇ ਵੀ ਮਾਈਨਿੰਗ ਦਾ ਗੈਰ-ਕਾਨੂੰਨੀ ਕਾਰੋਬਾਰ ਧੜੱਲੇ ਨਾਲ ਜਾਰੀ ਹੈ।

ਇਹ ਵੀ ਪੜ੍ਹੋ: ਅਹੁਦੇ ਦੇ ਬਦਲੇ ਪੈਸਾ ਵਸੂਲੀ ’ਚ ਉਲਝੇ ਸਨ ਨੇਤਾ ਜੀ, ਹੁਣ ਹਲਵਾਈ ਤੋਂ 5 ਲੱਖ ਵਸੂਲੀ ਕਰਨ 'ਤੇ ਹੋਏ ਚਰਚਿਤ

ਇਸ ਖ਼ਿਲਾਫ਼ ਮਹਿਕਮੇ ਨੇ ਸਿਕੰਜ਼ਾ ਕੱਸਦਿਆਂ ਪਿੰਡ ਪਲਾਟਾ, ਨਾਨਗਰਾਂ ਅਤੇ ਭੱਲੜੀ ਵਿਖੇ ਬਿਨਾਂ ਰਜਿਸਟ੍ਰੇਸ਼ਨ ਦੇ ਗੈਰ-ਕਾਨੂੰਨੀ ਢੰਗ ਨਾਲ ਮਾਈਨਿੰਗ ਕਰ ਰਹੇ ਅਤੇ ਚੱਲ ਰਹੇ 3 ਕ੍ਰੈਸ਼ਰਾਂ ਦੇ ਮਾਲਕਾਂ ਖਿਲਾਫ਼ ਮਾਮਲਾ ਦਰਜ ਕਰਨ ਲਈ ਪੁਲਸ ਨੂੰ ਪੱਤਰ ਜਾਰੀ ਕੀਤਾ ਹੈ। ਮਾਈਨਿੰਗ ਮਹਿਕਮੇ ਵੱਲੋਂ ਬੰਦ ਕੀਤੇ 3 ਕ੍ਰੈਸ਼ਰਾਂ, ਜਿਨ੍ਹਾਂ ਦੀ ਰਜਿਸਟ੍ਰੇਸ਼ਨ ਖ਼ਤਮ ਹੋ ਗਈ ਹੈ, ਦੇ ਬਾਅਦ ਵੀ ਮਾਈਨਿੰਗ ਕਰ ਰਹੇ ਹਨ। ਮਾਈਨਿੰਗ ਅਫ਼ਸਰ ਰੂਪਨਗਰ ਵੱਲੋਂ ਐੱਫ. ਆਈ. ਆਰ. ਦਰਜ ਕਰਨ ਲਈ ਜਾਰੀ ਕੀਤੇ ਪੱਤਰ ਜੋ 1 ਤੋਂ 2 ਦਿਨ ਪਹਿਲਾਂ ਹੀ ਸਬੰਧਤ ਥਾਣਿਆਂ ’ਚ ਪ੍ਰਾਪਤ ਹੋਏ ਹਨ, ’ਚ ਕਿਹਾ ਗਿਆ ਕਿ ਸਰਕਾਰ ਦੇ ਲੀਗਲ ਠੇਕੇਦਾਰ ਵੱਲੋਂ ਕੀਤੀ ਸ਼ਿਕਾਇਤ ਤਹਿਤ ਉਨ੍ਹਾਂ 1 ਅਕਤੂਬਰ ਨੂੰ ਨਾਨਗਰਾਂ, ਭੱਲੜੀ ਅਤੇ ਪਿੰਡ ਪਲਾਟਾ ਵਿਖੇ ਚੱਲ ਰਹੇ 3 ਕ੍ਰੈਸ਼ਰਾਂ ਦੀ ਚੈਕਿੰਗ ਕੀਤੀ, ਜਿਸ ਦੌਰਾਨ ਉਕਤ ਪਲਾਂਟ ਮਾਲਕਾਂ ਵੱਲੋਂ ਕੋਈ ਦਸਤਾਵੇਜ਼ ਪੇਸ਼ ਨਹੀਂ ਕੀਤੇ ਗਏ, ਜਦਕਿ ਮੌਕੇ ’ਤੇ ਉਕਤ ਪਲਾਂਟਾ ’ਤੇ ਕਾਫ਼ੀ ਮਾਤਰਾ ’ਚ ਕੱਚਾ ਅਤੇ ਪੱਕਾ ਮਾਲ ਪਿਆ ਸੀ। ਸਟਾਕ ਦਾ ਉਨ੍ਹਾਂ ਵੱਲੋਂ ਕੋਈ ਲੀਗਲ ਸੋਰਸ ਵੀ ਨਹੀ ਦੱਸਿਆ ਗਿਆ, ਜਿਸ ਤੋਂ ਜਾਪਦਾ ਹੈ ਕਿ ਇਹ ਸਟਾਕ ਗੈਰ-ਕਾਨੂੰਨੀ ਹੈ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਬੱਸਾਂ 'ਚ ਆ ਰਹੀ ਹੈ ਕੋਈ ਸਮੱਸਿਆ ਤਾਂ ਮੰਤਰੀ ਰਾਜਾ ਵੜਿੰਗ ਨੂੰ ਇਸ ਨੰਬਰ 'ਤੇ ਕਰੋ ਵਟਸਐੱਪ

ਪਲਾਂਟ ਮਾਲਕਾਂ ਵੱਲੋਂ ਮਹੀਨਾਵਾਰ ਰਿਟਰਨਾਂ ਵੀ ਜਮ੍ਹਾ ਨਹੀ ਕਰਵਾਈਆਂ ਗਈਆਂ ਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਵੀ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਕਤ ਪਲਾਂਟ ਗੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਹਨ ਅਤੇ ਕ੍ਰੈਸ਼ਰ ਮਾਲਕਾਂ ਵੱਲੋਂ ਸਮੇਂ-ਸਮੇਂ ’ਤੇ ਨਿਕਾਸੀ ਕੀਤੀ ਜਾ ਰਹੀ ਹੈ। ਇਸ ਲਈ ਕ੍ਰੈਸ਼ਰ ਮਾਲਕਾਂ ਵਿਰੁੱਧ ਮਾਈਨਿੰਗ ਐਂਡ ਮਿਨਰਲ ਐਕਟ, ਛੋਟੇ ਖਣਿਜਾਂ ਦੀ ਚੋਰੀ ਕਰਨ ਦੇ ਨਾਲ-ਨਾਲ ਢੋਆ-ਢੁਆਈ ਕਰਨ ਦੇ ਜੁਰਮ ਹੇਠ ਮਾਮਲਾ ਦਰਜ ਕੀਤਾ ਜਾਵੇ। ਮਾਈਨਿੰਗ ਅਫ਼ਸਰ ਨੇ ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਵੱਖਰਾ ਪੱਤਰ ਲਿਖ ਕੇ ਕਿਹਾ ਕਿ ਇਨ੍ਹਾਂ ਕ੍ਰੈਸ਼ਰਾਂ ਦੀ ਰਜਿਸਟ੍ਰੇਸ਼ਨ ਸਸਪੈਂਡ ਕੀਤੀ ਗਈ ਹੈ, ਕਿਉਂਕਿ ਮਾਲਕਾਂ ਵਲੋਂ ਨਾ ਤਾਂ ਮਾਸਿਕ ਰਿਟਰਨਾਂ ਜਮ੍ਹਾ ਕਰਵਾਈਆਂ ਗਈਆਂ ਤੇ ਨਾ ਹੀ ਕੱਚੇ ਮਾਲ ਦੇ ਕਾਨੂੰਨੀ ਸੋਮਿਆਂ ਸਬੰਧੀ ਦੱਸਿਆ ਗਿਆ। ਇਸ ਲਈ ਪਲਾਂਟਾ ਦੀ ਜਾਰੀ ਕੰਸੈਂਟ ਟੂ ਆਪ੍ਰੇਟ ਤੁਰੰਤ ਪ੍ਰਭਾਵ ਨਾਲ ਰੱਦ ਕੀਤੀ ਜਾਵੇ। ਮਾਈਨਿੰਗ ਅਧਿਕਾਰੀ ਵਿਪਨ ਕੰਬੋਜ ਨੇ ਆਖਿਆ ਕਿ ਵਿਭਾਗੀ ਰੂਪ ’ਚ ਅਗਲੇਰੀ ਕਾਰਵਾਈ ਲਈ ਸ਼ਿਕਾਇਤ ਭੇਜ ਦਿੱਤੀ ਗਈ ਹੈ ਤੇ ਮਾਮਲਾ ਦਰਜ ਕਰਨ ’ਚ ਕੇਵਲ ਪੁਲਸ ਵੱਲੋਂ ਦੇਰੀ ਕੀਤੀ ਜਾ ਰਹੀ ਹੈ।

ਕੀ ਕਹਿਣਾ ਹੈ ਦੋਵੇਂ ਥਾਣਾ ਮੁਖੀਆਂ ਦਾ?
ਇਨ੍ਹਾਂ ਕ੍ਰੈਸ਼ਰਾਂ ’ਚੋਂ 1 ਨੂਰਪੁਰਬੇਦੀ ਤੇ 2 ਨੰਗਲ ਖੇਤਰ ਨਾਲ ਸਬੰਧਤ ਹਨ, ਜਿਸ ਸਬੰਧੀ ਥਾਣਾ ਮੁਖੀ ਨੂਰਪੁਰਬੇਦੀ ਬਿਕਰਮਜੀਤ ਸਿੰਘ ਘੁੰਮਣ ਨੇ ਕਿਹਾ 1 ਦਿਨ ਪਹਿਲਾਂ ਹੀ ਵਿਭਾਗ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਹੈ, ਜਿਸ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ, ਜਦਕਿ ਨੰਗਲ ਥਾਣੇ ਦੇ ਮੁਖੀ ਪਵਨ ਕੁਮਾਰ ਨੇ ਕਿਹਾ ਕਿ ਸ਼ਿਕਾਇਤ ਹਾਸਲ ਹੋਈ ਹੈ ਅਤੇ ਜਾਂਚ ਉਪਰੰਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਵਪਾਰੀਆਂ ਲਈ 10 ਵੱਡੇ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News