ਰੁਲਦੂ ਸਿੰਘ ਮਾਨਸਾ ਦਾ ਵੱਡਾ ਬਿਆਨ, ਪੂਰੀ ਦੁਨੀਆ ਦੇ ਕਿਸਾਨਾਂ ''ਤੇ ਪਵੇਗਾ ਅੰਦੋਲਨ ਦਾ ਅਸਰ

02/05/2021 10:18:50 PM

ਨਾਭਾ (ਭੂਪਾ)- ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨੇ ਝੂਠ ਦੀ ਬਜਾਏ ਸੱਚ ਛੁਪਾਉਣ ਲਈ ਨੈੱਟ ਬੰਦ ਕੀਤਾ ਹੈ। ਕਿਸਾਨੀ ਅੰਦੋਲਨ ਸਮੇਂ ਮੁੱਢਲੀਆਂ ਸਹੂਲਤਾਂ ਸਮੇਤ ਹੋਰ ਸਹੂਲਤਾਂ ਨੂੰ ਬੰਦ ਕਰਕੇ ਸਰਕਾਰ ਦੇਸ਼ ਦੇ ਕਿਸਾਨਾਂ ਦਾ ਹੌਂਸਲੇ ਪਸਤ ਨਹੀਂ ਕਰ ਸਕਦੀ । ਇਹ ਵਿਚਾਰ ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨੀ ਅੰਦੋਲਨ ਵਿਚ ਭਾਗੀਦਾਰੀ ਪਾ ਰਹੇ ਸਰਬਭਾਰਤੀ ਕਿਸਾਨ ਮਹਾਸਭਾ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ 'ਜਗਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਦਿੱਲੀ ਵਿਚ ਦਾਖ਼ਲ ਹੋਣ ਦਾ ਕੋਈ ਇਰਾਦਾ ਨਹੀਂ ਹੈ। ਦਿੱਲੀ ਪੁਲਸ ਵਲੋਂ ਕੀਤੀ ਜਾ ਰਹੀ ‘ਕਿੱਲਬੰਦੀ’ ਸਮੇਤ ਕੇਂਦਰ ਸਰਕਾਰ ਅਤੇ ਦਿੱਲੀ ਪੁਲਸ ਦੇ ਅਪਣਾਏ ਜਾ ਰਹੇ ਤਾਨਾਸ਼ਾਹੀ ਢੰਗਾਂ ਨੂੰ ਪੂਰੀ ਦੁਨੀਆ ਸ਼ੋਸ਼ਲ ਮੀਡੀਆ ਰਾਹੀਂ ਦੇਖ ਰਹੀ ਹੈ।

ਇਹ ਵੀ ਪੜ੍ਹੋ : ਰਿਹਾਨਾ ਦੇ ਟਵੀਟ ਤੋਂ ਬਾਅਦ ਖ਼ੁਸ਼ੀ ਨਾਲ ਖੀਵੇ ਹੋਏ ਬਲਬੀਰ ਸਿੰਘ ਰਾਜੇਵਾਲ, ਦਿਲ ਖੋਲ੍ਹ ਕੇ ਕੀਤੀਆਂ ਸਿਫ਼ਤਾਂ

ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਬਿਜਲੀ, ਪਾਣੀ ਦੀਆਂ ਮੁੱਢਲੀਆਂ ਸਹੂਲਤਾਂ ਸਮੇਤ ਇੰਟਰੈਨਟ ਦੀ ਸਹੂਲਤ ਬੰਦ ਕਰਕੇ ਸਰਕਾਰ ਕਿਸਾਨਾਂ ਦੇ ਹੌਂਸਲੇ ਬੁਲੰਦ ਕਰਦੀ ਜਾ ਰਹੀ ਹੈ। ਕਿਸਾਨਾਂ ਦਾ ਸੰਘਰਸ਼ ਹੁਣ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉਤਰਪ੍ਰਦੇਸ਼ ਤੋਂ ਹੁੰਦਾ ਹੋਇਆ ਪੂਰੇ ਦੇਸ਼ ਸਮੇਤ ਪੂਰੀ ਦੁਨੀਆਂ ’ਚ ਛਾ ਗਿਆ ਹੈ। ਦੂਜੇ ਸੂਬਿਆਂ ਦੇ ਕਿਸਾਨ ਵੀ ਸਰਕਾਰ ਵੱਲੋਂ ਕੀਤੀ ਜਾ ਰਹੀ ਬੇਕਦਰੀ ਤੋਂ ਜਾਗਰੂਕ ਹੁੰਦੇ ਜਾ ਰਹੇ ਹਨ ਅਤੇ ਕਿਸਾਨੀ ਅੰਦੋਲਨ ਦਾ ਹਿੱਸਾ ਬਣਦੇ ਜਾ ਰਹੇ ਹਨ। ਉਨ੍ਹਾਂ ਕਿਸਾਨੀ ਅੰਦੋਲਨ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਉਤਸ਼ਾਹਿਤ ਹੁੰਦਿਆਂ ਦਾਅਵਾ ਕੀਤਾ ਕਿ ਹੁਣ ਤਾਂ ਸਥਿਤੀ ਇਹ ਬਣ ਰਹੀ ਹੈ ਕਿ ਖੇਤੀ ਕਾਨੂੰਨ ਤਾਂ ਭਾਰਤ ਦੇਸ਼ ’ਚ ਰੱਦ ਹੋਣਗੇ ਪ੍ਰੰਤੂ ਇਸ ਦਾ ਅਸਰ ਪੂਰੀ ਦੁਨੀਆਂ ਦੇ ਕਿਸਾਨਾਂ ‘ਤੇ ਪਵੇਗਾ।

ਇਹ ਵੀ ਪੜ੍ਹੋ : ਦਿੱਲੀ ਮੋਰਚਾ ਫਤਿਹ ਕਰਨ ਲਈ ਕਿਸਾਨਾਂ ਨੇ ਕੀਤੀ ਸਖ਼ਤੀ, ਉਗਰਾਹਾਂ ਜਥੇਬੰਦੀ ਨੇ ਕੀਤਾ ਵੱਡਾ ਐਲਾਨ

ਰੁਲਦੂ ਸਿੰਘ ਨੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਸਮਾਂ ਹੈ ਕਿ ਕਾਰਪੋਰੇਟ ਘਰਾਣਿਆਂ ਤੋਂ ਖੇਤੀਬਾੜੀ ਖੇਤਰ ਨੂੰ ਬਚਾਉਣ ਦਾ। ਕੁਦਰਤ ਦੇ ਬਣਾਏ ਨਿਯਮ ਅਨੁਸਾਰ ਮਨੁੱਖ, ਕੀੜੇ ਮਕੋੜੇ ਅਤੇ ਜਾਨਵਰ ਸਾਰੇ ਹੀ ਆਪਣੀ ਖੁਰਾਕ ਕਿਸਾਨਾਂ ਦੇ ਉਗਾਏ ਅਨਾਜ ਤੋਂ ਪ੍ਰਾਪਤ ਕਰਦੇ ਹਨ। ਜੇਕਰ ਕਿਸਾਨ ਹੀ ਨਾ ਰਿਹਾ ਤਾਂ ਦੁਨੀਆਂ ਦਾ ਸੰਤੁਲਨ ਹੀ ਵਿਗੜ ਜਾਵੇਗਾ। ਰੁਲਦੂ ਸਿੰਘ ਨੇ ਅੱਗੇ ਕਿਹਾ ਕਿ ਮੌਜੂਦਾ ਸਮੇਂ ਕਿਸਾਨੀ ਅੰਦੋਲਨ ਦੇਸ਼ ਦੇ ਕਿਸਾਨ ਦੀ ਹੋਂਦ ਅਤੇ ਸਰਕਾਰ ਦੇ ਹਊਮੈਂ ਵਿਚਕਾਰ ਦੀ ਲੜਾਈ ਹੈ ਜਿਸ ਲਈ ਅੰਦੋਲਨ ਦੇ ਲੰਮਾ ਸਮਾਂ ਚੱਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰੰਤੂ ਦੇਸ਼ ਭਰ ਦੇ ਕਿਸਾਨਾਂ ਦੇ ਮਿਲ ਰਹੇ ਬੇਮਿਸਾਲ ਹੁੰਗਾਰੇ ਤੋਂ ਸਪੱਸ਼ਟ ਹੈ ਕਿ ਆਖਰ ’ਚ ਜਿੱਤ ਕਿਸਾਨਾਂ ਦੀ ਹੀ ਹੋਵੇਗੀ।

ਇਹ ਵੀ ਪੜ੍ਹੋ : ‘ਆਪ’ ਨੇ ਮਨਪ੍ਰੀਤ ਬਾਦਲ ਨੂੰ ਦੱਸਿਆ ਨਿਕੰਮਾ ਵਿੱਤ ਮੰਤਰੀ, ਮੰਗਿਆ ਅਸਤੀਫ਼ਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh