ਰੇਲਵੇ ''ਚ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਠੱਗਣ ਵਾਲੇ ਗਿਰੋਹ ਦਾ ਪਰਦਾਫਾਸ਼

07/19/2017 12:19:39 AM

ਰੂਪਨਗਰ, (ਵਿਜੇ)- ਜ਼ਿਲਾ ਪੁਲਸ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਰੇਲਵੇ 'ਚ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਸਬੰਧੀ ਰਾਜ ਬਚਨ ਸਿੰਘ ਸੰਧੂ ਪੀ.ਪੀ.ਐੱਸ., ਸੀਨੀਅਰ ਕਪਤਾਨ ਪੁਲਸ ਰੂਪਨਗਰ ਨੇ ਦੱਸਿਆ ਹੈ ਕਿ ਜਤਿੰਦਰਪਾਲ ਪੁੱਤਰ ਹਰੀ ਕ੍ਰਿਸ਼ਨ ਵਾਸੀ ਅਟਾਰੀ ਥਾਣਾ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਇਕ ਦਰਖਾਸਤ ਦਿੱਤੀ ਗਈ ਸੀ ਕਿ ਉਸ ਨਾਲ ਤੇ ਹੋਰ ਵਿਅਕਤੀਆਂ ਨਾਲ ਰੇਲਵੇ 'ਚ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਕੀਤੀ ਗਈ ਹੈ।
ਇਸ ਦਰਖਾਸਤ ਦੀ ਪੜਤਾਲ ਤੋਂ ਬਾਅਦ ਥਾਣਾ ਸਿਟੀ ਰੂਪਨਗਰ ਵਿਖੇ ਪੁਸ਼ਪਾ ਦੇਵੀ ਪਤਨੀ ਕੁਲਦੀਪ ਚੌਹਾਨ ਵਾਸੀ ਅਫਸਰ ਕਾਲੋਨੀ ਰੂਪਨਗਰ, ਅਸ਼ਵਨੀ ਕੁਮਾਰ ਵਾਸੀ ਪਿੰਡ ਲੱਖੋਵਾਲ ਜ਼ਿਲਾ ਗੁਰਦਾਸਪੁਰ, ਪ੍ਰਭਜੋਤ ਸਿੰਘ ਉਰਫ ਸੰਜੇ ਯਾਦਵ ਪੁੱਤਰ ਸੁਰਜੀਤ ਸਿੰਘ ਵਾਸੀ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਜ਼ਿਲਾ ਅੰਮ੍ਰਿਤਸਰ ਤੇ ਪਲਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਚਾਹਲ ਕਲਾਂ ਜ਼ਿਲਾ ਗੁਰਦਾਸਪੁਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਦੋਸ਼ੀ ਪੁਸ਼ਪਾ ਦੇਵੀ ਤੇ ਅਸ਼ਵਨੀ ਕੁਮਾਰ ਨੂੰ ਮਿਤੀ 17-7-17 ਨੂੰ ਗ੍ਰਿਫਤਾਰ ਕਰ ਕੇ ਪੁਸ਼ਪਾ ਦੇਵੀ ਤੋਂ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਲਏ ਗਏ 9,00,000 ਰੁਪਏ ਬਰਾਮਦ ਕਰ ਲਏ ਗਏ ਤੇ ਪ੍ਰਭਜੋਤ ਸਿੰਘ ਉਰਫ ਸੰਜੇ ਯਾਦਵ ਤੇ ਪਲਵਿੰਦਰ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ। ਜ਼ਿਲਾ ਪੁਲਸ ਮੁਖੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਤਫਤੀਸ਼ ਦੌਰਾਨ ਪਾਇਆ ਗਿਆ ਕਿ ਇਸ ਮੁਕੱਦਮੇ ਦੇ ਦੋਸ਼ੀ ਠੱਗੇ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਲਈ ਵਾਰਾਨਸੀ ਲੈ ਕੇ ਜਾਂਦੇ ਸੀ ਤੇ ਉਥੇ ਜਾ ਕੇ ਵੱਖ-ਵੱਖ ਹੋਟਲਾਂ 'ਚ ਠਹਿਰਾ ਕੇ ਕੋਚਿੰਗ ਸੈਂਟਰਾਂ 'ਚ ਹਾਜ਼ਰੀਆਂ ਲਵਾ ਕੇ ਇਹ ਕਹਿ ਦਿੰਦੇ ਸੀ ਕਿ ਇਹ ਰੇਲਵੇ ਦੇ ਟ੍ਰੇਨਿੰਗ ਸੈਂਟਰ ਹਨ ਤੇ ਉਹ ਇਨ੍ਹਾਂ ਕੈਂਡੀਡੇਟਸ ਦੇ ਮੈਡੀਕਲ ਵੀ ਕਰਵਾ ਦਿੰਦੇ ਸੀ ਤੇ ਜਾਅਲੀ ਡਾਕੂਮੈਂਟ/ਅਪਾਇੰਟਮੈਂਟ ਲੈਟਰ ਵੀ ਮੁਹੱਈਆ ਕਰਵਾ ਦਿੰਦੇ ਸੀ। ਇਹ ਰੇਲਵੇ 'ਚ ਸੀ ਕੈਟਾਗਰੀ ਤੇ ਡੀ ਕੈਟਾਗਰੀ 'ਚ ਭਰਤੀ ਕਰਾਉਣ ਲਈ 8 ਲੱਖ ਤੇ 5 ਲੱਖ ਰੁਪਏ ਹਰ ਕੈਂਡੀਡੇਟ ਤੋਂ ਲੈਂਦੇ ਸੀ। ਇਨ੍ਹਾਂ ਦੋਸ਼ੀਆਂ ਤੋਂ ਸਖਤੀ ਨਾਲ ਪੁੱਛਗਿੱਛ ਕਰ ਕੇ ਬਾਕੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਰਿਕਵਰੀ ਵੀ ਕੀਤੀ ਜਾਵੇਗੀ।