ਹਰਿਆਣਾ ਦੇ ਸਕੂਲਾਂ ''ਚ ਦਾਖਲੇ ਲਈ 100 ਅੰਕਾਂ ਵਾਲੇ ਫਾਰਮ ''ਤੇ ਹੰਗਾਮਾ

04/12/2018 7:11:28 AM

ਚੰਡੀਗੜ੍ਹ  (ਭਾਸ਼ਾ) - ਹਰਿਆਣਾ ਦੇ ਸਕੂਲੀ ਵਿਦਿਆਰਥੀਆਂ ਨੂੰ ਇਕ ਲੰਬਾ ਦਾਖਲਾ ਫਾਰਮ ਭਰ ਕੇ ਇਹ ਦੱਸਣ ਲਈ ਕਿਹਾ ਗਿਆ ਹੈ ਕਿ ਕੀ ਉਹ ਕਿਸੇ ਖਾਨਦਾਨੀ ਬੀਮਾਰੀ ਦਾ ਸ਼ਿਕਾਰ ਤਾਂ ਨਹੀਂ ਜਾਂ ਉਨ੍ਹਾਂ ਦੇ ਮਾਤਾ-ਪਿਤਾ ਸਿਰ 'ਤੇ ਮੈਲਾ ਚੁੱਕਣ ਨਾਲ ਜੁੜੇ ਪੇਸ਼ੇ 'ਚ ਸ਼ਾਮਲ ਤਾਂ ਨਹੀਂ ਰਹੇ ਹਨ? ਇਸ 'ਤੇ ਵਿਰੋਧੀ ਧਿਰ ਨੇ ਸੂਬਾ ਸਰਕਾਰ ਨੂੰ ਲੰਬੇ ਹੱਥੀਂ ਲਿਆ ਹੈ। ਪ੍ਰਾਇਮਰੀ ਜਮਾਤਾਂ ਤੋਂ ਉਪਰ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਵੀ ਦਾਖਲਾ ਫਾਰਮ ਵਿਚ ਉਨ੍ਹਾਂ ਅਤੇ ਮਾਤਾ-ਪਿਤਾ ਦਾ ਆਧਾਰ ਨੰਬਰ, ਮਾਤਾ-ਪਿਤਾ ਦਾ ਪੇਸ਼ਾ ਅਤੇ ਵਿਦਿਅਕ ਯੋਗਤਾ ਦੱਸਣ ਲਈ ਕਿਹਾ ਗਿਆ ਹੈ। ਫਾਰਮ ਵਿਚ ਇਹ ਵੀ ਦੱਸਣ ਲਈ ਕਿਹਾ ਗਿਆ ਹੈ ਕਿ ਕੀ ਉਨ੍ਹਾਂ ਦੇ ਮਾਤਾ-ਪਿਤਾ ਕਿਸੇ 'ਮਾੜੇ' ਪੇਸ਼ੇ ਨਾਲ ਤਾਂ ਨਹੀਂ ਜੁੜੇ ਹੋਏ? ਕੀ ਉਹ ਆਮਦਨ ਕਰ ਭਰਦੇ ਹਨ? ਉਨ੍ਹਾਂ ਦਾ ਧਰਮ, ਜਾਤੀ ਦਾ ਵੇਰਵਾ, ਖਾਨਦਾਨੀ ਬੀਮਾਰੀ (ਜੇ ਕੋਈ ਹੋਵੇ) ਅਤੇ ਵਿਦਿਆਰਥੀ ਦੇ ਬੈਂਕ ਨਾਲ ਜੁੜੇ ਵੇਰਵੇ ਵੀ ਦੱਸਣ ਲਈ ਕਿਹਾ ਗਿਆ ਹੈ।
ਕਾਂਗਰਸ ਨੇ ਇਸ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸੂਬਾ ਸਰਕਾਰ ਨਸਲੀ ਅਤੇ ਧਾਰਮਿਕ ਜਾਣਕਾਰੀ ਇਕੱਠੀ ਕਰ ਰਹੀ ਹੈ। ਪਾਰਟੀ ਦੇ ਆਗੂ ਰਣਦੀਪ ਸਿੰਘ ਸੂਰਜੇਵਾਲਾ ਨੇ ਕਈ ਟਵੀਟ ਕਰ ਕੇ ਕਿਹਾ, 'ਖੱਟੜ ਸਰਕਾਰ ਨੇ 100 ਅੰਕਾਂ ਵਾਲੇ ਵਿਦਿਆਰਥੀ ਦਾਖਲਾ ਫਾਰਮ ਜਾਰੀ ਕੀਤੇ ਹਨ। ਇਹ ਅਸਲ ਵਿਚ ਮਾਪੇ/ਵਿਦਿਆਰਥੀ ਨਿਗਰਾਨੀ ਫਾਰਮ ਹਨ।'
ਉਨ੍ਹਾਂ ਕਿਹਾ ਕਿ ਖੱਟੜ ਸਰਕਾਰ ਨੇ ਫਿਰ ਉਹੀ ਕੀਤਾ ਹੈ। ਵਿਦਿਆਰਥੀਆਂ ਨੂੰ 'ਅਛੂਤ' ਅਤੇ ਉਨ੍ਹਾਂ ਦੇ ਮਾਪਿਆਂ ਦੇ ਪੇਸ਼ੇ ਨੂੰ 'ਅਸਵੱਛ' ਦੱਸਿਆ ਜਾ ਰਿਹਾ ਹੈ। ਮਾਪਿਆਂ ਦੀ ਜਿਸ ਤਰ੍ਹਾਂ ਦੀ ਨਿਜੀ ਜਾਣਕਾਰੀ ਮੰਗੀ ਜਾ ਰਹੀ ਹੈ,  ਉਹ ਪਾਗਲਪਨ ਦੀ ਹੱਦ ਹੈ। ਮਾਪਿਆਂ ਦੇ ਕੰਮ ਨੂੰ ਮਾੜਾ ਦੱਸਣਾ ਬੇਹੂਦਾ ਹੈ।