ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਦੇ ਬਿਆਨ ਦੀ ''ਆਪ'' ਵਲੋਂ ਨਿਖੇਧੀ

10/09/2019 6:52:05 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਰਾਸ਼ਟਰੀ ਸਵੈਸੇਵਕ ਸੰਘ (ਆਰ. ਐੱਸ. ਐੱਸ) ਮੁਖੀ ਮੋਹਨ ਭਾਗਵਤ ਵੱਲੋਂ ਦਿੱਤੇ ਉਸ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ, ਜਿਸ 'ਚ ਭਾਗਵਤ ਨੇ 'ਭਾਰਤ ਨੂੰ ਹਿੰਦੂ ਰਾਸ਼ਟਰ' ਦੱਸਿਆ ਸੀ। ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਪਾਰਟੀ ਦੇ ਬੁਲਾਰੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੋਹਨ ਨੇ ਫ਼ਿਰਕੂ ਬਿਆਨ ਦੇ ਕੇ ਭਾਰਤ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਹਨ ਕਿਉਂਕਿ ਭਾਰਤੀ ਸੰਵਿਧਾਨ ਧਰਮ ਨਿਰਪੱਖਤਾ ਦੀ ਵਿਸ਼ਵ ਪ੍ਰਸਿੱਧ ਅਤੇ ਗੌਰਵਸ਼ਾਲੀ ਮਿਸਾਲ ਹੈ।

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੋਹਨ ਭਾਗਵਤ ਦਾ ਬਿਆਨ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਜੋੜਨ ਵਾਲਾ ਨਹੀਂ ਸਗੋਂ ਫ਼ਿਰਕੂ ਵੰਡੀਆਂ ਪਾਉਣ ਅਤੇ ਤੋੜਨ ਵਾਲਾ ਹੈ। ਸੰਧਵਾਂ ਨੇ ਕਿਹਾ ਕਿ ਭਾਗਵਤ ਦਾ ਬਿਆਨ ਭਾਜਪਾ ਅਤੇ ਆਰ.ਐੱਸ.ਐੱਸ ਦੇ ਮੌਕਾਪ੍ਰਸਤ ਅਤੇ ਦੋਗਲੇ ਪੈਮਾਨਿਆਂ ਦੀ ਪੋਲ ਖੋਲ੍ਹਦਾ ਹੈ। ਇਕ ਪਾਸੇ ਭਾਰਤੀ ਸੰਵਿਧਾਨ ਦੀ ਸਹੁੰ ਚੁੱਕ ਕੇ ਸੱਤਾ ਸੁੱਖ ਭੋਗ ਰਹੇ ਹਨ, ਦੂਜੇ ਪਾਸੇ ਆਪਣੇ ਫ਼ਿਰਕੂ ਅਤੇ ਸੌੜੀ ਸੋਚ ਨਾਲ ਭਾਰਤੀ ਸੰਵਿਧਾਨ ਨੂੰ ਤਾਰ-ਤਾਰ ਕਰ ਰਹੇ ਹਨ।

ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ ਭਾਰਤੀ ਸੰਵਿਧਾਨ ਦੀ ਧਰਮ ਨਿਰਪੱਖ, ਲੋਕਤੰਤਰਿਕ ਵਿਵਸਥਾ ਅਤੇ ਲੋਕਾਂ ਹਿੱਤ ਲੀਹਾਂ 'ਤੇ ਸਿਰਜਣਾ ਕੀਤੀ ਸੀ ਪਰ ਮੋਹਨ ਭਾਗਵਤ ਦਾ ਬਿਆਨ ਸੰਵਿਧਾਨ ਦੀ ਮੂਲ ਭਾਵਨਾ ਨੂੰ ਖੋਖਲਾ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ। ਜਿਸ ਬਾਰੇ ਦੇਸ਼ ਨੂੰ ਪਿਆਰ ਕਰਨ ਵਾਲੇ ਹਰੇਕ ਨਾਗਰਿਕ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਭਾਰਤ ਨੂੰ ਪਿਆਰ ਕਰਨ ਵਾਲੇ ਕਿਸੇ ਵੀ ਸੱਚੇ-ਸੁੱਚੇ ਨਾਗਰਿਕ ਨੂੰ ਭਾਰਤੀ ਹੋਣ ਵਜੋਂ ਆਰ.ਐਸ.ਐਸ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ।

Gurminder Singh

This news is Content Editor Gurminder Singh