ਝੁੱਗੀਆਂ ਨੂੰ ਅਚਾਨਕ ਲੱਗੀ ਅੱਗ ਕਾਰਨ ਮਜ਼ਦੂਰਾਂ ਦੇ 4 ਲੱਖ ਰੁਪਏ ਸੜ ਕੇ ਹੋਏ ਸੁਆਹ (ਵੀਡੀਓ)

03/10/2021 3:57:38 PM

ਮਾਛੀਵਾਡ਼ਾ ਸਾਹਿਬ (ਟੱਕਰ, ਸਚਦੇਵਾ) : ਨੇਡ਼ਲੇ ਪਿੰਡ ਸਹਿਜੋ ਮਾਜਰਾ ਵਿਖੇ ਗਰੀਬ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ, ਜਿਸ ’ਚ ਪਈ ਉਨ੍ਹਾਂ ਦੀ ਨਕਦੀ, 3 ਪਸ਼ੂ ਅਤੇ ਹੋਰ ਸਾਰਾ ਘਰੇਲੂ ਸਾਮਾਨ ਅੱਗ ਦੀ ਭੇਟ ਚਡ਼੍ਹ ਗਿਆ। ਜਾਣਕਾਰੀ ਅਨੁਸਾਰ ਝੁੱਗੀਆਂ ’ਚ ਰਹਿਣ ਵਾਲੇ ਮਜ਼ਦੂਰ ਖੇਤਾਂ ਵਿਚ ਕੰਮ ਕਰਨ ਲਈ ਗਏ ਹੋਏ ਸਨ ਕਿ ਅਚਾਨਕ ਇਕ ਝੁੱਗੀ ’ਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋਈਆਂ ਅਤੇ ਦੇਖਦੇ ਹੀ ਦੇਖਦੇ ਇਹ ਅੱਗ ਐਨੀ ਫੈਲ ਗਈ ਕਿ 25 ਝੁੱਗੀਆਂ ਸਡ਼ ਗਈਆਂ।

ਅੱਗ ਦੀ ਘਟਨਾ ਸਬੰਧੀ ਤੁਰੰਤ ਸੂਚਨਾ ਸਮਰਾਲਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਜਿਨ੍ਹਾਂ ਆ ਕੇ ਬਡ਼ੀ ਮੁਸ਼ੱਕਤ ਨਾਲ ਇਸ ਉੱਪਰ ਕਾਬੂ ਪਾਇਆ। ਪਿੰਡ ਵਾਸੀ ਵੀ ਗਰੀਬਾਂ ਦੀ ਮਦਦ ਲਈ ਅੱਗੇ ਆਏ ਜੋ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੇ।

ਅੱਗ ਲੱਗਣ ਕਾਰਨ ਗਰੀਬ ਪ੍ਰਵਾਸੀ ਮਜ਼ਦੂਰ ਗਣੇਸ਼ ਚੌਧਰੀ ਦਾ ਕਰੀਬ 3 ਲੱਖ ਰੁਪਏ, ਰੁਕੂ ਦੇਵੀ ਦੀਆਂ 4 ਝੁੱਗੀਆਂ, ਘਰੇਲੂ ਸਾਮਾਨ ਅਤੇ 50 ਹਜ਼ਾਰ ਰੁਪਏ, ਰੀਨਾ ਦੇਵੀ ਦੀ 70 ਹਜ਼ਾਰ ਰੁਪਏ ਨਕਦੀ ਅਤੇ ਹੋਰ ਘਰੇਲੂ ਸਮਾਨ, ਬਿਮਲਾ ਦੇਵੀ ਦਾ 15 ਹਜ਼ਾਰ ਰੁਪਏ ਨਕਦੀ ਅਤੇ ਗੰਗਾ ਰਾਮ ਦੀਆਂ 2 ਝੁੱਗੀਆਂ ਤੇ ਕੁਝ ਨਕਦੀ ਸਡ਼ਕੇ ਸੁਆਹ ਹੋ ਗਈ। ਇਸ ਤੋਂ ਇਲਾਵਾ ਅੱਗ ਵਿਚ ਤਿੰਨ ਬੱਕਰੀਆਂ ਵੀ ਜ਼ਿੰਦਾ ਸਡ਼ ਗਈਆਂ। ਇਨ੍ਹਾਂ 25 ਝੁੱਗੀਆਂ ’ਚ ਪਿਆ ਘਰੇਲੂ ਸਾਮਾਨ ਤੇ ਕੱਪਡ਼ੇ ਬਿਲਕੁਲ ਸਡ਼ਕੇ ਸੁਆਹ ਹੋ ਗਏ ਹਨ। ਇਸ ਮੌਕੇ ਇਕੱਤਰ ਹੋਏ ਲੋਕਾਂ ਤੇ ਪਿੰਡ ਦੀ ਸਰਪੰਚ ਬਲਵਿੰਦਰ ਕੌਰ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਇਨ੍ਹਾਂ ਪੀਡ਼ਤ ਪਰਿਵਾਰਾਂ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ।

Anuradha

This news is Content Editor Anuradha