ਪੰਜਾਬ ’ਚ ਸੱਤਾ ਦਾ ਫ਼ੈਸਲਾ ਕਰਦੀ ਹੈ 32 ਫ਼ੀਸਦੀ ਦਲਿਤ ਆਬਾਦੀ, ਅੰਕੜਿਆਂ 'ਚ ਜਾਣੋ ਪੂਰਾ ਵੇਰਵਾ

04/15/2021 2:18:42 PM

ਜਲੰਧਰ (ਜ. ਬ.) : ਭਾਜਪਾ ਦੇ ਸੀਨੀਅਰ ਨੇਤਾ ਅਤੇ ਰਾਸ਼ਟਰੀ ਬੁਲਾਰੇ ਆਰ. ਪੀ. ਸਿੰਘ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ’ਤੇ ਹਮਲਾ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਜਿੱਤਣ ਦੀ ਸਥਿਤੀ ’ਚ ਪੰਜਾਬ ਦਾ ਡਿਪਟੀ ਸੀ. ਐੱਮ. ਦਲਿਤ ਪਰਿਵਾਰ ਤੋਂ ਬਣਾਏ ਜਾਣ ਦੇ ਜਵਾਬ ’ਚ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ’ਚ ਰਹਿੰਦੇ ਹੋਏ ਸੁਖਬੀਰ ਬਾਦਲ ਨੇ ਦਲਿਤ ਪਰਿਵਾਰ ਤੋਂ ਡਿਪਟੀ ਸੀ. ਐੱਮ. ਬਣਾਉਣ ਦੀ ਗੱਲ ਤੋਂ ਨਾਂਹ ਕੀਤੀ ਸੀ। ਆਰ. ਪੀ. ਸਿੰਘ ਨੇ ਲਿਖਿਆ ਕਿ ਭਾਜਪਾ ਨੇ ਅਕਾਲੀ ਦਲ ਦੇ ਸਾਹਮਣੇ 2007 ’ਚ ਚੌਧਰੀ ਸਵਰਣਾ ਰਾਮ ਨੂੰ ਅਤੇ 2012 ’ਚ ਭਗਤ ਚੁੰਨੀ ਲਾਲ ਨੂੰ ਡਿਪਟੀ ਸੀ. ਐੱਮ. ਬਣਾਉਣ ਦੀ ਪੇਸ਼ਕਸ਼ ਕੀਤੀ ਸੀ ਪਰ ਦੋਵੇਂ ਵਾਰ ਸੁਖਬੀਰ ਬਾਦਲ ਨੇ ਦਲਿਤ ਪਰਿਵਾਰ ਤੋਂ ਨਿਕਲੇ ਨੇਤਾਵਾਂ ਨੂੰ ਡਿਪਟੀ ਸੀ. ਐੱਮ. ਬਣਾਉਣ ਤੋਂ ਨਾਂਹ ਕਰ ਦਿੱਤੀ ਸੀ ਅਤੇ ਹੁਣ ਵਿਧਾਨਸਭਾ ਚੋਣਾਂ ’ਚ ਦਲਿਤਾਂ ਦੀਆਂ ਵੋਟਾਂ ਹਾਸਲ ਕਰਨ ਲਈ ਸੁਖਬੀਰ ਬਾਦਲ ਉਨ੍ਹਾਂ ਨੂੰ ਭਰਮਾਉਣ ਲਈ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ। ਆਰ. ਪੀ. ਸਿੰਘ ਨੇ ਇਕ ਹੋਰ ਟਵੀਟ ਕਰਦਿਆਂ ਲਿਖਿਆ ਕਿ ਸੁਖਬੀਰ ਬਾਦਲ ਹੁਣ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਨੂੰ ਆਪਣਾ ਆਦਰਸ਼ ਬਣਾ ਰਹੇ ਹਨ ਪਰ 27 ਫਰਵਰੀ 1984 ਨੂੰ ਸੁਖਬੀਰ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਬਾਬਾ ਸਾਹਿਬ ਵਲੋਂ ਲਿਖੇ ਗਏ ਸੰਵਿਧਾਨ ਦੀਆਂ ਕਾਪੀਆਂ ਦਿੱਲੀ ’ਚ ਸਾੜੀਆਂ ਸਨ।

ਇਹ ਵੀ ਪੜ੍ਹੋ : ਰਵਨੀਤ ਬਿੱਟੂ ਦੀ 'ਕੈਪਟਨ' ਨੂੰ ਨਸੀਹਤ, 'ਹੁਣ ਤਾਂ ਸਿਰਫ 6 ਮਹੀਨੇ ਰਹਿ ਗਏ...ਕੁੱਝ ਕਰੋ' (ਵੀਡੀਓ)

ਪੰਜਾਬ ’ਚ ਸੱਤਾ ਦਾ ਫੈਸਲਾ ਕਰਦੀ ਹੈ 32 ਫੀਸਦੀ ਦਲਿਤ ਆਬਾਦੀ
ਪੰਜਾਬ ਦੀ ਕੁਲ ਆਬਾਦੀ ’ਚ ਦਲਿਤਾਂ ਦੀ ਹਿੱਸੇਦਾਰੀ ਲਗਭਗ 32 ਫੀਸਦੀ ਹੈ ਤੇ ਦੋਆਬਾ ’ਚ ਦਲਿਤਾਂ ਦੀ ਆਬਾਦੀ ਲਗਭਗ 50 ਫੀਸਦੀ ਹੈ। ਦੋਆਬਾ ਦੀਆਂ 25 ਸੀਟਾਂ ’ਤੇ ਦਲਿਤ ਸਮਾਜ ਦੀਆਂ ਵੋਟਾਂ ਫੈਸਲਾਕੁੰਨ ਸਾਬਿਤ ਹੁੰਦੀਆਂ ਹਨ। ਲਿਹਾਜ਼ਾ ਦੋਆਬਾ ਖੇਤਰ ’ਚ ਦਲਿਤਾਂ ਦਾ ਸਮਰਥਨ ਮਿਲਣ ਬਿਨਾਂ ਪੰਜਾਬ ’ਚ ਕਿਸੇ ਵੀ ਪਾਰਟੀ ਦੀ ਸਰਕਾਰ ਬਣਨਾ ਮੁਸ਼ਕਲ ਹੈ। ਪੰਜਾਬ ’ਚ ਸਭ ਤੋਂ ਜ਼ਿਆਦਾ 42.51 ਫੀਸਦੀ ਦਲਿਤ ਆਬਾਦੀ ਸ਼ਹੀਦ ਭਗਤ ਸਿੰਘ ਨਗਰ ’ਚ ਹੈ, ਜਦਕਿ ਮੁਕਸਤਰ ’ਚ 42.31, ਫਿਰੋਜ਼ਪੁਰ ’ਚ 42.17, ਜਲੰਧਰ ’ਚ 38.95, ਫਰੀਦਕੋਟ ’ਚ 38.92, ਮੋਗਾ ’ਚ 36.50, ਹੁਸ਼ਿਆਰਪੁਰ ’ਚ 35.14, ਕਪੂਰਥਲਾ ਵਿਚ 33.94, ਤਰਨਤਾਰਨ ’ਚ 33.71, ਮਾਨਸਾ ’ਚ 33.63, ਬਠਿੰਡਾ ’ਚ 32.44, ਬਰਨਾਲਾ ’ਚ 32.24 ਅਤੇ ਫਤਿਹਗੜ੍ਹ ਸਾਹਿਬ ’ਚ 32.7 ਫੀਸਦੀ ਆਬਾਦੀ ਦਲਿਤਾਂ ਦੀ ਹੈ। ਇਨ੍ਹਾਂ ਜ਼ਿਲ੍ਹਿਆਂ ’ਚ ਜ਼ਿਆਦਾਤਰ ਵਿਧਾਨਸਭਾ ਸੀਟਾਂ ’ਤੇ ਦਲਿਤਾਂ ਦੀਆਂ ਵੋਟਾਂ ਹਾਰ-ਜਿੱਤ ਦਾ ਫੈਸਲਾ ਕਰਦੀਆਂ ਹਨ। ਲਿਹਾਜ਼ਾ ਪੰਜਾਬ ’ਚ ਕਿਸੇ ਵੀ ਪਾਰਟੀ ਲਈ ਸੱਤਾ ’ਚ ਆਉਣ ਲਈ ਦਲਿਤਾਂ ਦਾ ਸਮਰਥਨ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ : 30 ਸਾਲਾ ਵਿਅਕਤੀ ਦੀ ਖੇਤਾਂ `ਚੋਂ ਲਾਸ਼ ਮਿਲੀ

ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

 

Anuradha

This news is Content Editor Anuradha