ਚੰਡੀਗੜ੍ਹ ''ਚ 50ਵੇਂ ਰੋਜ਼ ਫੈਸਟੀਵਲ ਦੀਆਂ ਲੱਗੀਆਂ ਰੌਣਕਾਂ, ਜਾਣੋ ਪਹਿਲੇ ਦਿਨ ਕੀ ਹੋਇਆ ਖ਼ਾਸ (ਤਸਵੀਰਾਂ)

02/26/2022 11:37:01 AM

ਚੰਡੀਗੜ੍ਹ (ਪਾਲ) : ਚੰਡੀਗੜ੍ਹ ਵਿਚ ਸ਼ੁੱਕਰਵਾਰ ਨੂੰ ਸ਼ੁਰੂ ਹੋਏ 50ਵੇਂ ਰੋਜ਼ ਫੈਸਟੀਵਲ ਵਿਚ ਇਸ ਵਾਰ ਕੁੱਲ 1600 ਕਿਸਮਾਂ ਦੇ ਗੁਲਾਬ ਇੱਥੇ ਦੇਖਣ ਨੂੰ ਮਿਲ ਰਹੇ ਹਨ। ਕੋਲਕਾਤਾ ਤੋਂ ਗੁਲਾਬ ਦੀਆਂ ਖ਼ਾਸ ਕਿਸਮਾਂ ਵੀ ਫੈਸਟੀਵਲ ਵਿਚ ਮੰਗਵਾਈਆਂ ਗਈਆਂ ਹਨ। ਅੰਡਰਪਾਸ ਵਿਚ ਲੋਕਾਂ ਲਈ ਪ੍ਰੋਗਰਾਮ ਅਤੇ ਖਾਣੇ ਦੇ ਸਟਾਲ ਲਾਏ ਗਏ ਹਨ। ਉਦਘਾਟਨ ਮੌਕੇ ਮੇਅਰ ਸਰਬਜੀਤ ਕੌਰ ਢਿੱਲੋਂ, ਐਡਵਾਈਜ਼ਰ ਧਰਮਪਾਲ, ਆਈ. ਏ. ਐੱਸ., ਡੀ. ਜੀ. ਪੀ. ਪ੍ਰਵੀਰ ਰੰਜਨ, ਗ੍ਰਹਿ ਸਕੱਤਰ ਨਿਤੀਨ ਕੁਮਾਰ ਯਾਦਵ, ਕਮਿਸ਼ਨਰ ਅਨੰਦਿਤਾ ਮਿਤਰਾ ਅਤੇ ਡੀ. ਸੀ. ਚੰਡੀਗੜ੍ਹ ਵਿਨੇ ਪ੍ਰਤਾਪ ਸਿੰਘ ਸਮੇਤ ਕਈ ਲੋਕ ਮੌਜੂਦ ਰਹੇ।

ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਜੰਗ : ਭਾਰਤੀ ਅੰਬੈਸੀ 'ਚ ਬੈਠੇ ਵਿਦਿਆਰਥੀਆਂ ਨੂੰ ਮਿਲ ਰਹੀ ਇਕ ਵਕਤ ਦੀ ਰੋਟੀ (ਤਸਵੀਰਾਂ)

ਇਸ ਮੌਕੇ ਰਾਜਪਾਲ ਨੇ ਇਸ ਫੈਸਟੀਵਲ ਨੂੰ ਸ਼ਾਨਦਾਰ ਤਰੀਕੇ ਨਾਲ ਸਫ਼ਲ ਬਣਾਉਣ ਲਈ ਨਗਰ ਨਿਗਮ ਦੇ ਸਾਰੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਗਵਰਨਰ ਨੇ ਕਿਹਾ ਕਿ ਹਾਲਾਂਕਿ ਸਾਰੇ ਫੁੱਲਾਂ ਦੀ ਇਕ ਵੱਖਰੀ ਖਬਸੂਰਤੀ ਹੁੰਦੀ ਹੈ ਪਰ ਗੁਲਾਬ ਦੁਨੀਆ ਭਰ ਵਿਚ ਸਭ ਤੋਂ ਹਰਮਨ ਪਿਆਰੇ ਫੁੱਲਾਂ ਵਿਚੋਂ ਇਕ ਹੈ। ਇਸਨੂੰ ‘ਫੁੱਲਾਂ ਦੀ ਰਾਣੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਲਈ ਇੰਨੇ ਗੁਲਾਬਾਂ ਨੂੰ ਇਕੱਠਿਆਂ ਵੇਖਣਾ ਖ਼ੁਦ ਵਿਚ ਅਨੋਖਾ ਹੈ। ਪਹਿਲੇ ਦਿਨ ਪ੍ਰਸਿੱਧ ਹਾਸਕਵੀ ਮੰਚ ਤੋਂ ਹਾਸ ਸੰਮੇਲਨ ਵਿਚ ਪੇਸ਼ਕਾਰੀ ਦਿੱਤੀ ਗਈ। ਇਨ੍ਹਾਂ ਵਿਚ ਰਾਏਪੁਰ ਦੇ ਪਦਮਸ਼੍ਰੀ ਡਾ. ਸੁਰਿੰਦਰ ਦੂਬੇ, ਮਥੁਰਾ ਦੇ ਮਨਵੀਰ ਮਧੁਰ, ਦਿੱਲੀ ਦੇ ਦੀਪਕ ਸੈਣੀ, ਆਗਰਾ ਦੀ ਰੁਚੀ ਚਤੁਰਵੇਦੀ ਅਤੇ ਪ੍ਰਤਾਪਗੜ੍ਹ ਦੇ ਪਾਰਥ ਨਵੀਨ ਸ਼ਾਮਲ ਹਨ। ਅਗਲੇ ਦੋ ਦਿਨ ਫੈਸਟੀਵਲ ਵਿਚ ਕਈ ਪ੍ਰੋਗਰਾਮ ਹੋਣਗੇ।

ਇਹ ਵੀ ਪੜ੍ਹੋ : ਯੂਕ੍ਰੇਨ ਪੜ੍ਹਨ ਗਈ ਖੰਨਾ ਦੀ ਕੁੜੀ ਸਹੀ-ਸਲਾਮਤ ਘਰ ਪੁੱਜੀ, ਮਾਪਿਆਂ ਨੇ ਲਿਆ ਸੁੱਖ ਦਾ ਸਾਹ


ਜਾਣੋ ਪਹਿਲੇ ਦਿਨ ਕੀ ਹੋਇਆ ਖ਼ਾਸ 
ਪਹਿਲੇ ਦਿਨ ਬਰਾਸ ਐਂਡ ਪਾਈਪ ਸ਼ੋਅ ਹੋਇਆ। ਫੁੱਲਾਂ ਦੇ ਕਈ ਮੁਕਾਬਲੇ ਹੋਏ। ਰਸਾਨੇ ਦੀ ਹੋਲੀ, ਬ੍ਰਿਜ ਦੇ ਗੀਤ, ਮਥੁਰਾ ਦੇ ਕਲਾਕਾਰਾਂ ਨੇ ਪੇਸ਼ਕਾਰੀ ਦਿੱਤੀ। ਰਾਜਸਥਾਨ ਦੇ ਬਾੜਮੇਰ ਦੇ ਕਲਾਕਾਰ, ਕਾਲ ਬੇਲੀਆ ਡਾਂਸ ਅਤੇ ਅਲਗੋਜਿਆਂ ਦੀ ਪੇਸ਼ਕਾਰੀ ਹੋਈ। ਦਿੱਲੀ ਦੇ ਕਲਾਕਾਰਾਂ ਨੇ ਕਾਚੀ ਘੋੜੀ ਡਾਂਸ ਦੀ ਪੇਸ਼ਕਾਰੀ ਦਿੱਤੀ। ਫੈਸਟੀਵਲ ਦੇ ਪਹਿਲੇ ਦਿਨ ਕਈ ਸੂਬਿਆਂ ਤੋਂ ਬੈਂਡ ਵੀ ਇੱਥੇ ਪਹੁੰਚੇ, ਜਿਨ੍ਹਾਂ ਵਿਚ ਪੰਜਾਬ ਪੁਲਸ, ਚੰਡੀਗੜ੍ਹ ਪੁਲਸ, ਆਈ. ਟੀ. ਬੀ. ਪੀ., ਹਰਿਆਣਾ ਪੁਲਸ ਸਮੇਤ ਕਈ ਪਾਈਪ ਅਤੇ ਬਰਾਸ ਬੈਂਡ ਸ਼ਾਮਲ ਰਹੇ।

ਇਹ ਵੀ ਪੜ੍ਹੋ : ਭਾਰਤ ਵੱਲੋਂ ਰੂਸ ਖ਼ਿਲਾਫ਼ ਵੋਟ ਨਾ ਪਾਉਣ 'ਤੇ 'ਮਨੀਸ਼ ਤਿਵਾੜੀ' ਦਾ ਵੱਡਾ ਬਿਆਨ, ਜਾਣੋ ਕੀ ਕਿਹਾ


ਰੋਜ਼ ਫੈਸਟੀਵਲ ਵਿਚ ਆਉਣ ਵਾਲੇ ਲੋਕਾਂ ਲਈ ਖਾਸ ਤੌਰ ’ਤੇ ਇਕ ‘ਆਈ ਲਵ ਚੰਡੀਗੜ੍ਹ’ ਸੈਲਫੀ ਪੁਆਇੰਟ ਬਣਾਇਆ ਗਿਆ ਹੈ। ਪਹਿਲੇ ਦਿਨ ਹੀ ਲੋਕਾਂ ਦੀ ਕਾਫੀ ਭੀੜ ਦਿਸੀ। ਇਹ ਉਮੀਦ ਕੀਤੀ ਜਾ ਰਹੀ ਹੈ ਸ਼ਨੀਵਾਰ ਅਤੇ ਐਤਵਾਰ ਭੀੜ ਹੋਰ ਵਧੇਗੀ। ਸੇਫਟੀ ਨੂੰ ਵੇਖਦਿਆਂ ਕਈ ਸੀ. ਸੀ. ਟੀ. ਵੀ. ਕੈਮਰੇ ਅਤੇ ਪੁਲਸ ਦੀ ਇਕ ਵੱਡੀ ਗਿਣਤੀ ਇੱਥੇ ਤਾਇਨਾਤ ਕੀਤੀ ਗਈ ਹੈ। 25 ਤੋਂ 27 ਫਰਵਰੀ ਤੱਕ ਚੱਲਣ ਵਾਲਾ ਇਹ ਫੈਸਟ ‘ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ’ ਤਹਿਤ ਹੋ ਰਿਹਾ ਹੈ। ਸਮਾਗਮ ’ਤੇ 87 ਲੱਖ ਰੁਪਏ ਖਰਚ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

 

Babita

This news is Content Editor Babita