ਜਿਸ ਕਿਸਾਨ ਦਾ ਉਡਾਇਆ ਮਜ਼ਾਕ, ਉਸੇ ਨੇ ਦੁਆਇਆ ਐਵਾਰਡ

09/27/2016 12:05:52 PM

ਚਮਕੌਰ ਸਾਹਿਬ/ਚੰਡੀਗੜ੍ਹ : ਪੰਜਾਬ ਦੇ ਵਧੇਰੇ ਕਿਸਾਨ ਜਿੱਥੇ ਕਣਕ ਅਤੇ ਝੋਨੇ ਦੇ ਚੱਕਰ ਤੋਂ ਬਾਹਰ ਨਹੀਂ ਆ ਸਕੇ ਹਨ, ਉੱਥੇ ਹੀ ਦੂਜੇ ਪਾਸੇ ਪਿੰਡ ਸੰਧੁਆ ਦੇ ਕਿਸਾਨ ਜਿੰਦਰ ਸਿੰਘ (51) ਨੇ ਖੇਤੀ ਵਿਗਿਆਨੀਆਂ ਦੇ ਮਾਰਗ ਦਰਸ਼ਨ ''ਚ ਖੇਤੀ ਵਿਭਿੰਨਤਾ ਅਪਣਾ ਕੇ ਆਪਣੀ ਆਮਦਨ ''ਚ ਵਾਧਾ ਕੀਤਾ ਹੈ। ਜਿੰਦਰ ਨੇ ਆਪਣੀ 3 ਏਕੜ ਜ਼ਮੀਨ ''ਚ ਫਸਲੀ ਵਿਭਿੰਨਤਾ ਅਪਣਾ ਕੇ 12 ਲੱਖ ਤੱਕ ਦੀ ਜ਼ਬਰਦਸਤ ਕਮਾਈ ਕੀਤੀ ਹੈ। ਇਸ ਦੇ ਚੱਲਦਿਆਂ ਉਨ੍ਹਾਂ ਨੂੰ ਦੇਸ਼ ਦੇ ਮੁੱਖ ਖੇਤੀਬਾੜੀ ਖੋਜ ਸੰਸਥਾ ਆਈ. ਸੀ. ਏ. ਆਰ. ਨੇ ਪੰਡਿਤ ਦੀਨ ਦਿਆਲ ਉਪਾਧਿਆਏ ਖੇਤੀ ਪੁਰਸਕਾਰ-2016 ਨਾਲ ਸਨਮਾਨਿਤ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 2011 ''ਚ ਰੋਪੜ ਜ਼ਿਲਾ ਪ੍ਰਸ਼ਾਸਨ ਨੇ ਵੀ ਸਨਮਾਨਿਤ ਕੀਤਾ ਸੀ।  
ਜਿੰਦਰ ਸਿੰਘ ਨੇ ਦੱਸਿਆ ਕਿ ਸਬਜ਼ੀ ਦੀ ਉੱਚ ਗੁਣਵੱਤਾ ਲਈ ਉਨ੍ਹਾਂ ਨੂੰ 60 ਪੁਰਸਕਾਰ ਮਿਲ ਚੁੱਕੇ ਹਨ। ਉਸ ਦਾ ਇਹ ਸਫਰ 2002 ''ਚ ਖੇਤੀ ਵਿਗਿਆਨ ਕੇਂਦਰ ਵਲੋਂ ਰੋਪੜ ''ਚ ਆਯੋਜਿਤ ਇਕ ਟ੍ਰੇਨਿੰਗ ਕੈਂਪ ਤੋਂ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਉਹ ਰਵਾਇਤੀ ਖੇਤੀ ਹੀ ਕਰਦੇ ਸਨ ਪਰ ਇਸ ਕੈਂਪ ''ਚ ਹਿੱਸਾ ਲੈਣ ਤੋਂ ਬਾਅਦ ਉਨ੍ਹਾਂ ਨੇ ਇਕ-ਇਕ ਕਨਾਲ ''ਚ ਟਮਾਟਰ, ਹਰੀ ਮਿਰਚ, ਸ਼ਿਮਲਾ ਮਿਰਚ ਦੀ ਖੇਤੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਦੀ ਆਮਦਨ ''ਚ ਜ਼ਬਰਦਸਤ ਵਾਧਾ ਹੋਇਆ। ਉਨ੍ਹਾਂ ਨੇ ਦੱਸਿਆ ਕਿ ਜੋ ਲੋਕ ਪਹਿਲਾਂ ਉਨ੍ਹਾਂ ਦਾ ਮਜ਼ਾਕ ਉਡਾਇਆ ਕਰਦੇ ਸਨ, ਹੁਣ ਉਨ੍ਹਾਂ ਤੋਂ ਖੇਤੀ ਦੇ ਗੁਰ ਪੁੱਛਦੇ ਹਨ। 

Babita Marhas

This news is News Editor Babita Marhas