ਹਵਾ-ਪਾਣੀ ਦੇ ਪ੍ਰਦੂਸ਼ਣ ਸਬੰਧੀ ਕੰਢੀ ਸੰਘਰਸ਼ ਕਮੇਟੀ ਵਲੋਂ ਮੀਟਿੰਗ

02/20/2019 3:22:04 AM

ਰੋਪੜ (ਰਾਜੇਸ਼)- ਕੰਢੀ ਸੰਘਰਸ਼ ਕਮੇਟੀ ਸਨਅਤੀ ਖੇਤਰ ਟੌਂਸਾ ਯੂਨਿਟ ਦੀ ਇਕ ਮੀਟਿੰਗ ਸਾਥੀ ਬਲਵੀਰ ਸਿੰਘ ਸਰਪੰਚ ਟੌਂਸਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਧ ਰਹੇ ਹਵਾ-ਪਾਣੀ ਦੇ ਪ੍ਰਦੂਸ਼ਣ, ਫੈਕਟਰੀਆਂ ਵਲੋਂ ਸਥਾਨਕ ਨੌਜਵਾਨਾਂ ਨੂੰ ਰੋਜ਼ਗਾਰ ਨਾ ਦੇਣਾ, ਪੀਣ ਵਾਲੇ ਸ਼ੁੱਧ ਪਾਣੀ ਦੇ ਬਿੱਲਾਂ ਦੀ ਮੁਆਫੀ, ਬੇਸਹਾਰਾ ਪਸ਼ੂਆਂ ਤੇ ਜੰਗਲੀ ਜਾਨਵਰਾਂ ਵੱਲੋਂ ਫਸਲਾਂ ਦੇ ਉਜਾਡ਼ੇ ਨੂੰ ਰੋਕਣ ਲਈ ਬੰਦੋਬਸਤ, ਪੁਲਸ ਜਬਰ ਰੋਕਣ, ਗੈਰ-ਕਾਨੂੰਨੀ ਮਾਈਨਿੰਗ, ਨਸ਼ਾ ਮਾਫੀਆ ’ਤੇ ਮੁਕੰਮਲ ਰੋਕ, ਲੋਡ਼ਵੰਦ ਮਨਰੇਗਾ ਮਜ਼ਦੂਰਾਂ ਲਈ ਕੰਮ, ਕਿਸਾਨਾਂ-ਮਜ਼ਦੂਰਾਂ ਦੀ ਕਰਜ਼ਾ ਮੁਆਫੀ ਆਦਿ ਸਬੰਧੀ ਵਿਚਾਰ ਕੀਤਾ ਗਿਆ। ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਪੰਜਾਬ ਨੇ ਕਿਹਾ ਕਿ ਹਵਾ-ਪਾਣੀ ਦੇ ਪ੍ਰਦੂਸ਼ਣ ਲਈ ਫੈਕਟਰੀਆਂ ਜ਼ਿੰਮੇਵਾਰ ਹਨ ਅਤੇ ਪਿਛਲੇ 15 ਸਾਲਾਂ ਤੋਂ ਲੋਕ ਭਿਆਨਕ ਬੀਮਾਰੀਆਂ ਦੀ ਲਪੇਟ ਵਿਚ ਆ ਚੁੱਕੇ ਹਨ ਪ੍ਰੰਤੂ ਅੱਜ ਤੱਕ ਕਿਸੇ ਵੀ ਵਿਧਾਇਕ ਅਤੇ ਸੰਸਦ ਮੈਂਬਰਾਂ ਨੇ ਇਸ ਵੱਲ ਗੰਭੀਰਤਾ ਨਹੀਂ ਦਿਖਾਈ ਜਿਸ ਕਰ ਕੇ ਲੋਕਾਂ ਨੂੰ ਸੰਘਰਸ਼ ਲਈ ਮਜਬੂਰ ਹੋਣਾ ਪੈ ਰਿਹਾ ਹੈ।ਇਸ ਮੌਕੇ ਬੀਬੀ ਅਵਤਾਰ ਕੌਰ, ਸਾਥੀ ਬਲਵਿੰਦਰ ਸਿੰਘ, ਜਨਵਾਦੀ ਇਸਤਰੀ ਸਭਾ ਦੇ ਆਗੂ ਬੀਬੀ ਸ਼ਸ਼ੀ ਰਾਣਾ, ਸ਼ਾਮ ਲਾਲ, ਕਮਲ ਸਿੰਘ, ਦਵਿੰਦਰ ਕੌਰ, ਮੋਹਨ ਸਿੰਘ, ਮਨੋਹਰ ਲਾਲ, ਸਾਥੀ ਰਣਜੀਤ ਸਿੰਘ ਰਾਣਾ, ਮਨੋਹਰ ਲਾਲ, ਕਰਨੈਲ ਸਿੰਘ, ਚਰਨ ਸਿੰਘ, ਸਵਰਨ ਸਿੰਘ ਸੰਮਤੀ ਮੈਂਬਰ ਆਦਿ ਮੌਜੂਦ ਸਨ।

Related News