ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰੂਪਨਗਰ ਦੀਆਂ ਸਡ਼ਕਾਂ ਦੁਬਾਰਾ ਟੁੱਟੀਆਂ

02/12/2019 4:18:39 AM

ਰੋਪੜ (ਵਿਜੇ)-ਰੂਪਨਗਰ ਸ਼ਹਿਰ ’ਚ ਕੁਝ ਦਿਨ ਪਹਿਲਾਂ ਹੋਏ ਮੀਂਹ ਦੇ ਕਾਰਨ ਨਗਰ ਦੀਆਂ ਸਡ਼ਕਾਂ ਦੀ ਹਾਲਤ ਹੋਰ ਵੀ ਖਰਾਬ ਹੋ ਗਈ ਹੈ। ਸਡ਼ਕਾਂ ’ਚ ਕਾਫੀ ਖੱਡੇ ਪੈ ਗਏ ਹਨ ਤੇ ਇੱਥੋਂ ਲੋਕਾਂ ਅਤੇ ਵਾਹਨਾਂ ਦਾ ਗੁਜ਼ਰਨਾ ਮੁਸ਼ਕਿਲ ਹੋ ਗਿਆ ਹੈ। ਸ਼ਹਿਰ ’ਚ ਕਾਫੀ ਸਮੇਂ ਤੋਂ ਸਡ਼ਕਾਂ ’ਤੇ ਖੱਡੇ ਪਏ ਹੋਏ ਸਨ, ਜਿਸਦੀ ਕੁਝ ਦਿਨ ਪਹਿਲਾਂ ਹੀ ਮੁਰੰਮਤ ਕੀਤੀ ਗਈ ਸੀ ਪ੍ਰੰਤੂ ਸਰਦੀ ਦੇ ਮੌਸਮ ’ਚ ਤਾਰਕੋਲ ਆਦਿ ਨਾਲ ਕੀਤੀ ਗਈ ਮੁਰੰਮਤ ਮਜ਼ਬੂਤ ਨਹੀਂ ਹੁੰਦੀ, ਕਿਉਂਕਿ ਉਸਦੇ ਲਈ ਇਕ ਨਿਸ਼ਚਿਤ ਵਾਤਾਵਰਨ ਜ਼ਰੂਰੀ ਹੈ ਕਿਉਂਕਿ ਵਾਤਾਵਰਨ ਤੇ ਨਿਰਮਾਣ ਸਮੱਗਰੀ ਨਾਲ ਹੀ ਸਡ਼ਕ ਦੀ ਮਜ਼ਬੂਤੀ ਬਣਦੀ ਹੈ। ਸਡ਼ਕਾਂ ’ਤੇ ਬਰਸਾਤੀ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਤਾਰਕੋਲ ਦੀਆਂ ਸਡ਼ਕਾਂ ’ਤੇ ਜਦੋਂ ਪਾਣੀ ਕਾਫੀ ਸਮੇਂ ਲਈ ਖਡ਼੍ਹਦਾ ਹੈ ਤਾਂ ਉਹ ਟੁੱਟ ਜਾਂਦੀ ਹੈ। ਨਗਰ ਕੌਂਸਲ ਵਲੋਂ ਸਡ਼ਕਾਂ ’ਤੇ ਪਾਣੀ ਦੀ ਨਿਕਾਸੀ ਲਈ ਹਾਲੇ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਜਿਸ ਕਾਰਨ ਵਾਰ-ਵਾਰ ਸਡ਼ਕਾਂ ਟੁੱਟਦੀਆਂ ਹਨ ਅਤੇ ਜਨਤਾ ਦਾ ਲੱਖਾਂ ਰੁਪਏ ਬਰਬਾਦ ਹੋ ਕੇ ਰਹਿ ਜਾਂਦਾ ਹੈ ਤੇ ਲੋਕ ਫਿਰ ਸਡ਼ਕਾਂ ’ਚ ਪਏ ਖੱਡਿਆਂ ਦੀ ਮੁਰੰਮਤ ਦੀ ਮੰਗ ਕਰਦੇ ਹਨ। ਲੋਕਾਂ ਦੀ ਮੰਗ ਹੈ ਕਿ ਸ਼ਹਿਰ ’ਚ ਨਿਸ਼ਚਿਤ ਸਮੇਂ ’ਤੇ ਖੱਡਿਆਂ ਦੀ ਮੁਰੰਮਤ ਹੋਵੇ ਤੇ ਉਸ ਤੋਂ ਪਹਿਲਾਂ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ, ਤਾਂ ਕਿ ਮੁਰੰਮਤ ਕੰਮ ਮਜ਼ਬੂਤੀ ਨਾਲ ਠਹਿਰ ਸਕੇ। ਦੂਜੇ ਪਾਸੇ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਪਰਮਜੀਤ ਸਿੰਘ ਮਾਕਡ਼ ਨੇ ਇਕ ਪੱਤਰ ਲਿਖ ਕੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਕਿ ਉਹ ਵਾਟਰ ਲਿਲੀ ਤੋਂ ਲੈ ਕੇ ਕਾਲਜ ਰੋਡ, ਬੇਲਾ ਚੌਕ, ਸਿਵਲ ਹਸਪਤਾਲ ਰੋਡ ਤੋਂ ਪੁਰਾਣੇ ਪੁਲ ਤੱਕ, ਬੇਲਾ ਚੌਕ ਤੋਂ ਲੈ ਕੇ ਐੱਚ. ਐੱਮ. ਟੀ. ਰਿਜ਼ੋਰਟ ਤੱਕ, ਵੋਡਾਫੋਨ ਹਰਗੋਬਿੰਦ ਨਗਰ ਤੋਂ ਲੈ ਕੇ ਬਾਈਪਾਸ ਤੱਕ, ਮਾਧੋਦਾਸ ਕਾਲੋਨੀ ਤੋਂ ਲੈ ਕੇ ਹਵੇਲੀ ਸੀਵਰੇਜ ਪਲਾਂਟ ਤੱਕ ਸਡ਼ਕਾਂ ਦਾ ਨਿਰਮਾਣ ਜਲਦ ਕਰਵਾਇਆ ਜਾਵੇ। ਉਕਤ ਮਾਰਗਾਂ ਦੀ ਇਸ ਸਮੇਂ ਕਾਫੀ ਖਸਤਾ ਹਾਲਤ ਹੋ ਚੁੱਕੀ ਹੈ ਅਤੇ ਇਥੇ ਬੀਤੇ ਤਿੰਨ ਸਾਲ ਤੋਂ ਕਿਸੇ ਤਰ੍ਹਾਂ ਦੀ ਮੁਰੰਮਤ ਤੱਕ ਨਹੀਂ ਹੋਈ।