ਠੰਡੀਆਂ ਹਵਾਵਾਂ ਨਾਲ ਵਧਿਆ ਠੰਡ ਦਾ ਕਹਿਰ

01/22/2019 9:46:53 AM

ਰੋਪੜ (ਤ੍ਰਿਪਾਠੀ)- ਪਹਾਡ਼ਾਂ ’ਤੇ ਪੈ ਰਹੀ ਬਰਫ਼ ਨਾਲ ਆਉਣ ਵਾਲੀਆਂ ਠੰਡੀਆਂ ਬਰਫੀਲੀ ਹਵਾਵਾਂ ਅਤੇ ਬੂੰਦਾਬਾਂਦੀ ਦੇ ਨਾਲ ਅੱਜ ਨਵਾਂਸ਼ਹਿਰ ਅਤੇ ਆਸਪਾਸ ਦੇ ਖੇਤਰ ’ਚ ਠੰਡ ਦਾ ਪ੍ਰਕੋਪ ਹੋਰ ਵੀ ਵਧ ਗਿਆ ਹੈ। ਅੱਜ ਸਵੇਰ ਤੋਂ ਹੀ ਆਸਮਾਨ ’ਚ ਛਾਏ ਹੋਏ ਕਾਲੇ ਬੱਦਲ ਅਤੇ ਬੂੰਦਾਬਾਂਦੀ ਕਾਰਨ ਲੋਕਾਂ ਨੂੰ ਆਪਣੇ ਘਰਾਂ ’ਚ ਵੜੇ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਸਕੂਲਾਂ ’ਚ ਵਿਦਿਆਰਥੀਆਂ ਦੀ ਹਾਜ਼ਰੀ ਰਹੀ ਘੱਟ ਸੀਤ ਲਹਿਰ ਦਾ ਪ੍ਰਭਾਵ ਸਿਰਫ ਸਕੂਲਾਂ ’ਚ ਬੱਚਿਆਂ ਦੀ ਹੀ ਨਹੀਂ ਸਗੋਂ ਕਾਲਜਾਂ ਦੀ ਹਾਜ਼ਰੀ ’ਤੇ ਵੀ ਪੈ ਰਿਹਾ ਹੈ। ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਅੱਜ ਸੀਤ ਲਹਿਰ ਕਾਰਨ ਸਕੂਲ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਕਾਫੀ ਘੱਟ ਰਹੀ। ਇਸੇ ਤਰ੍ਹਾਂ ਦੀ ਜਾਣਕਾਰੀ ਇਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਵੀ ਦਿੱਤੀ। ਪ੍ਰੋਫੈਸ਼ਨਲ ਕਾਲਜ ਦੀ ਇਕ ਅਧਿਆਪਿਕਾ ਨੇ ਦੱਸਿਆ ਕਿ ਕਾਲਜ ’ਚ ਵਿਦਿਆਰਥੀ ਕਾਫੀ ਘੱਟ ਗਿਣਤੀ ’ਚ ਆ ਰਹੇ ਹਨ ਜਿਸ ਦਾ ਕਾਰਨ ਅੱਤ ਦੀ ਠੰਡ ਹੈ। ਕੁਝ ਸਰਕਾਰੀ ਦਫ਼ਤਰਾਂ ਦਾ ਦੌਰਾ ਕਰਨ ’ਤੇ ਪਤਾ ਲੱਗਾ ਕਿ ਦਫ਼ਤਰਾਂ ’ਚ ਵੀ ਆਮ ਦਿਨਾਂ ਦੀ ਤਰ੍ਹਾਂ ਚਹਿਲ-ਪਹਿਲ ਨਹੀਂ ਹੈ ਹਾਲਾਂਕਿ ਸ਼ਨੀਵਾਰ-ਐਤਵਾਰ ਦੀ ਛੁੱਟੀ ਦੇ ਉਪਰੰਤ ਆਮ ਤੌਰ ’ਤੇ ਸੋਮਵਾਰ ਨੂੰ ਸਰਕਾਰੀ ਦਫ਼ਤਰਾਂ ’ਚ ਵਧੇਰੇ ਚਹਿਲ-ਪਹਿਲ ਰਹਿੰਦੀ ਹੈ। ਇਸੇ ਤਰ੍ਹਾਂ ਨਾਲ ਬੂੰਦਾਬਾਂਦੀ ਹੋਣ ਕਰ ਕੇ ਸ਼ਹਿਰ ਦੇ ਅੰਦਰ ਬਾਜ਼ਾਰਾਂ ’ਚ ਵੀ ਘੱਟ ਹੀ ਚਹਿਲ-ਪਹਿਲ ਦੇਖਣ ਨੂੰ ਮਿਲੀ। ਕਈ ਥਾਵਾਂ ’ਤੇ ਲੋਕ ਠੰਡ ਤੋਂ ਬਚਣ ਲਈ ਅੱਗ ਦਾ ਸਹਾਰਾ ਲੈਂਦੇ ਦੇਖੇ ਗਏ। ਕਣਕ ਦੇ ਲਈ ਠੰਡ ਫਾਇਦੇਮੰਦ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਪਰਮਜੀਤ ਸਿੰਘ ਪੰਮਾ, ਨਿਰਮਲ ਸਿੰਘ, ਜਸਵਿੰਦਰ ਸਿੰਘ ਅਤੇ ਬਲਵੀਰ ਸਿੰਘ ਜਾਡਲਾ ਨੇ ਦੱਸਿਆ ਕਿ ਵਧੇਰੇ ਠੰਡ ਪੱਕਣ ਵਾਲੀ ਕਣਕ ਲਈ ਫਾਇਦੇਮੰਦ ਸਿੱਧ ਹੋਵੇਗੀ। ਵਧੇਰੇ ਠੰਡ ਨਾਲ ਕਣਕ ਦਾ ਵਧੇਰੇ ਝਾਡ਼ ਪ੍ਰਾਪਤ ਹੋਣ ਦੀ ਸੰਭਾਵਨਾ ਰਹਿੰਦੀ ਹੈ। ਅਗਲੇ 2 ਦਿਨਾਂ ’ਚ ਵੀ ਮੀਂਹ ਦੀ ਸੰਭਾਵਨਾ ਮੌਸਮ ਵਿਭਾਗ ਦੇ ਅਨੁਸਾਰ ਅਗਲੇ 2 ਦਿਨਾਂ ’ਚ ਵੀ ਮੀਂਹ ਪੈ ਸਕਦਾ ਹੈ। ਜਦਕਿ ਅੱਜ ਹੇਠਲਾ ਤਾਪਮਾਨ 5 ਅਤੇ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਰਿਹਾ।

Related News