ਪਾਰਕਿੰਗ ਤੋਂ ਬਾਹਰ ਖੜ੍ਹੇ ਦੋਪਹੀਆ ਵਾਹਨ ਜ਼ਬਤ ਕਰਨ ਦਾ ਮਾਮਲਾ ਗਰਮਾਇਆ

06/21/2019 1:25:59 PM

ਰੂਪਨਗਰ (ਕੈਲਾਸ਼) - ਦੇਰ ਸ਼ਾਮ ਰੇਲਵੇ ਸਟੇਸ਼ਨ ਰੂਪਨਗਰ 'ਤੇ ਉਸ ਸਮੇਂ ਮਾਮਲਾ ਗਰਮਾ ਗਿਆ ਜਦੋਂ ਕੁਝ ਲੋਕਾਂ ਦੇ ਦੋਪਹੀਆ ਵਾਹਨ, ਜੋ ਪਾਰਕਿੰਗ ਨੇੜੇ ਖੜ੍ਹੇ ਸੀ, ਰੇਲਵੇ ਪੁਲਸ ਫੋਰਸ ਨੇ ਅਚਾਨਕ ਜ਼ਬਤ ਕਰ ਲਏ। ਜਾਣਕਾਰੀ ਦਿੰਦੇ ਹੋਏ ਅਮਨਦੀਪ ਕੌਰ ਦੇ ਭਰਾ ਕੁਲਬਰਨ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਆਪਣਾ ਦੋਪਹੀਆ ਵਾਹਨ ਪਾਰਕ ਕਰਕੇ ਡਿਊਟੀ 'ਤੇ ਗਈ ਸੀ ਪਰ ਜਦੋਂ ਉਹ ਸ਼ਾਮ 6 ਵਜੇ ਆਈ ਤਾਂ ਉਸ ਦਾ ਵਾਹਨ ਉਥੇ ਨਹੀਂ ਸੀ। ਸ੍ਰੀ ਅਨੰਦਪੁਰ ਸਾਹਿਬ ਅਦਾਲਤ 'ਚ ਕੰਮ ਕਰਨ ਵਾਲੇ ਕੋਰਟ ਰੀਡਰ ਅਨਿਲ ਕੁਮਾਰ, ਜਿਨ੍ਹਾਂ ਕੋਲ ਪਾਰਕਿੰਗ ਲਈ ਵੈਲਡ ਮੰਥਲੀ ਪਾਸ ਹੈ, ਨੇ ਡਿਊਟੀ ਜਾਣ ਤੋਂ ਪਹਿਲਾਂ ਰੇਲਵੇ ਸਟੇਸ਼ਨ ਰੂਪਨਗਰ ਦੇ ਪਾਰਕਿੰਗ ਸਟੈਂਡ 'ਚ ਆਪਣਾ ਦੋਪਹੀਆ ਵਾਹਨ ਲਾਉਣਾ ਚਾਹਿਆ ਤਾਂ ਪਾਰਕਿੰਗ ਫੁੱਲ ਹੋਣ ਕਾਰਨ ਸਬੰਧਤ ਠੇਕੇਦਾਰ ਨੇ ਉਨ੍ਹਾਂ ਨੂੰ ਪਾਰਕਿੰਗ ਨੇੜੇ ਵਾਹਨ ਲਾਉਣ ਲਈ ਕਹਿ ਦਿੱਤਾ। ਸ਼ਾਮ 6 ਵਜੇ ਜਦੋਂ ਉਹ ਰੇਲ ਗੱਡੀ ਤੋਂ ਵਾਪਸ ਰੂਪਨਗਰ ਪੁੱਜੇ ਤਾਂ ਉਨ੍ਹਾਂ ਦਾ ਦੋਪਹੀਆ ਵਾਹਨ ਪਾਰਕ ਕੀਤੇ ਸਥਾਨ 'ਤੇ ਮੌਜੂਦ ਨਹੀਂ ਸੀ, ਜਿਸ ਕਾਰਨ ਉਹ ਚਿੰਤਾ 'ਚ ਪੈ ਗਏ। ਪੁਲਸ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਦੋਪਹੀਆ ਵਾਹਨ ਰੇਲਵੇ ਪੁਲਸ ਫੋਰਸ ਦੁਆਰਾ ਜ਼ਬਤ ਕਰ ਲਏ ਹਨ।


ਆਰ.ਪੀ.ਐੱਫ. ਦੇ ਇੰਚਾਰਜ ਨੇ ਉਨ੍ਹਾਂ ਨੂੰ ਦੱਸਿਆ ਕਿ ਵਾਹਨਾਂ ਨੂੰ ਨੋ ਪਾਰਕਿੰਗ ਜ਼ੋਨ 'ਚ ਖ਼ੜ੍ਹਾ ਹੋਣ ਅਤੇ ਲਾਵਾਰਸ ਹੋਣ ਕਾਰਨ ਬੰਦ ਕੀਤਾ ਗਿਆ ਹੈ। ਉਕਤ ਦੋਵਾਂ ਨੇ ਆਰ.ਪੀ.ਐੱਫ. ਦੇ ਇੰਚਾਰਜ ਨੂੰ ਵਾਹਨਾਂ ਦੇ ਦਸਤਾਵੇਜ਼ ਵੀ ਦਿਖਾਏ ਪਰ ਕਾਰਵਾਈ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਵਾਹਨ ਨਹੀਂ ਦਿੱਤੇ ਅਤੇ ਵਾਹਨਾਂ ਲੈਣ ਲਈ ਅਦਾਲਤ ਦੇ ਆਦੇਸ਼ ਲੈ ਕੇ ਆਉਣ ਨੂੰ ਕਿਹਾ। ਦੋਵਾਂ ਵਾਹਨ ਮਾਲਕਾਂ ਦਾ ਦੋਸ਼ ਸੀ ਕਿ ਆਰ.ਪੀ.ਐੱਫ. ਦੇ ਇੰਚਾਰਜ ਨੇ ਬਿਨਾਂ ਉਨ੍ਹਾਂ ਦੇ ਇੰਤਜ਼ਾਰ ਕੀਤੇ ਵਾਹਨਾਂ ਨੂੰ ਜ਼ਬਤ ਕਰ ਲਿਆ ਅਤੇ ਸਲਿੱਪ ਵੀ ਨਹੀਂ ਦਿੱਤੀ, ਜੋ ਗਲਤ ਹੈ।

ਪਾਰਕਿੰਗ ਸਥਾਨ ਦੇ ਠੇਕੇਦਾਰ ਨੇ ਜਤਾਇਆ ਰੋਸ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਕਿੰਗ ਦੇ ਠੇਕੇਦਾਰ ਵਿਕਰਮ ਸਿੰਘ ਨੇ ਕਿਹਾ ਕਿ ਪਾਰਕਿੰਗ 'ਚ ਜਗ੍ਹਾ ਨਾ ਹੋਣ ਕਾਰਨ ਉਨ੍ਹਾਂ ਨੇ ਸਬੰਧਤ ਉਕਤ ਲੋਕਾਂ ਨੂੰ ਪਾਰਕਿੰਗ ਨਾਲ ਵਾਹਨ ਪਾਰਕ ਕਰਨ ਲਈ ਕਿਹਾ ਸੀ ਪਰ ਆਰ.ਪੀ.ਐੱਫ. ਦੇ ਅਧਿਕਾਰੀਆਂ ਨੇ ਉਨ੍ਹਾਂ ਦੀ ਨਹੀਂ ਸੁਣੀ ਅਤੇ ਕਈ ਵਾਹਨ ਚੁੱਕ ਕੇ ਲੈ ਗਏ।

ਕੀ ਕਹਿਣੈ ਆਰ.ਪੀ.ਐੱਫ. ਦੇ ਇੰਚਾਰਜ ਦਾ
ਇਸ ਸਬੰਧ 'ਚ ਆਰ.ਪੀ.ਐੱਫ. ਦੇ ਇੰਚਾਰਜ ਬਲਦੀਪ ਸਿੰਘ ਨੇ ਕਿਹਾ ਕਿ ਕੁਝ ਲੋਕ ਆਪਣੇ ਦੋਪਹੀਆ ਵਾਹਨ ਰੋਜ਼ਾਨਾ ਨੋ ਪਾਰਕਿੰਗ ਜ਼ੋਨ 'ਚ ਖੜ੍ਹੇ ਕਰਕੇ ਚਲੇ ਜਾਂਦੇ ਹਨ, ਜੋ ਕਾਨੂੰਨੀ ਜੁਰਮ ਹੈ। ਲੋਕਾਂ ਨੂੰ ਵਾਹਨ ਹਟਾਉਣ ਲਈ ਆਵਾਜ਼ਾਂ ਵੀ ਲਾਈਆਂ ਪਰ ਇਸ ਦੇ ਬਾਵਜੂਦ ਵਾਹਨਾਂ ਨੂੰ ਜ਼ਬਤ ਕਰ ਲਿਆ ਗਿਆ।

rajwinder kaur

This news is Content Editor rajwinder kaur