ਕੱਚੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

02/18/2018 12:15:18 AM

ਗੁਰਦਾਸਪੁਰ,   (ਦੀਪਕ)-  ਗੁਰੂ ਨਾਨਕ ਪਾਰਕ ਵਿਖੇ ਕੱਚੇ ਮੁਲਾਜ਼ਮਾਂ ਨੇ ਵੱਡੀ ਗਿਣਤੀ 'ਚ ਇਕੱਤਰ ਹੋ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਬਾਜ਼ਾਰਾਂ ਵਿਚ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਮਿਲਾਓ, ਇਨਾਮ ਪਾਓ ਦੇ ਪਰਚੇ ਆਮ ਲੋਕਾਂ ਨੂੰ ਵੰਡ ਕੇ ਕਾਂਗਰਸੀ ਆਗੂਆਂ ਨੂੰ ਮੁੱਖ ਮੰਤਰੀ ਨਾਲ ਮਿਲਾਉਣ ਦੀ ਅਪੀਲ ਕੀਤੀ ਗਈ।
ਆਗੂਆਂ ਨੇ ਕਿਹਾ ਕਿ ਸੂਬੇ 'ਚ ਕਾਂਗਰਸ ਸਰਕਾਰ ਨੂੰ ਬਣੇ 11 ਮਹੀਨੇ ਹੋ ਚੁੱਕੇ ਹਨ ਪਰ ਸਰਕਾਰ ਨੇ ਆਪਣੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਜਿਸ ਕਾਰਨ ਉਨ੍ਹਾਂ ਮੁੱਖ ਮੰਤਰੀ ਮਿਲਾਓ, ਇਨਾਮ ਪਾਓ ਸਕੀਮ ਦਾ ਆਗਾਜ਼ ਕੀਤਾ ਹੈ। ਪੰਜਾਬ ਵਿਚ ਅਜਿਹੀ ਪਹਿਲੀ ਵਾਰ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ। ਮੁਲਾਜ਼ਮਾਂ ਨੇ ਐਲਾਨੇ ਇਨਾਮ ਅਨੁਸਾਰ ਮੁੱਖ ਮੰਤਰੀ ਪੰਜਾਬ ਨੂੰ ਮਿਲਾਉਣ ਵਾਲੇ ਨੂੰ ਇਨਾਮ ਵਜੋਂ 21 ਕੱਚੇ ਮੁਲਾਜ਼ਮ 21 ਦਿਨ, ਕਾਂਗਰਸ ਪ੍ਰਧਾਨ ਨੂੰ ਮਿਲਾਉਣ ਵਾਲੇ ਨੂੰ ਇਨਾਮ ਦੇ ਤੌਰ 'ਤੇ 11 ਕੱਚੇ ਮੁਲਾਜ਼ਮ 11 ਦਿਨ ਉਸ ਦੇ ਕਾਰੋਬਾਰ ਵਿਚ ਦਿਹਾੜੀ ਕਰਨਗੇ ਅਤੇ ਰਾਹੁਲ ਗਾਂਧੀ ਨਾਲ ਮਿਲਾਉਣ ਵਾਲੇ ਨੂੰ ਵਿਸ਼ੇਸ਼ ਇਨਾਮ ਵਜੋਂ 51 ਕੱਚੇ ਮੁਲਾਜ਼ਮ ਆਪਣੇ ਇਕ ਦਿਨ ਦੀ ਤਨਖਾਹ ਦੇਣਗੇ।
ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂਆਂ ਵਿਕਾਸ ਕੁਮਾਰ, ਸਤਪਾਲ ਸਿੰਘ, ਜਸਬੀਰ ਸਿੰਘ, ਅੰਮ੍ਰਿਤਪਾਲ ਸਿੰਘ, ਹਰਜੀਤ ਸਿੰਘ, ਮਨੀਸ਼ਾ ਕਾਲੀਆ ਨੇ ਕਿਹਾ ਕਿ ਚੋਣਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਲਾਜ਼ਮਾਂ ਦੇ ਧਰਨਿਆਂ ਵਿਚ ਆ ਕੇ ਸੰਘਰਸ਼ ਦਾ ਸਮਰਥਨ ਕਰਦੇ ਰਹੇ ਪਰ ਹੁਣ ਸਰਕਾਰ ਬਣਨ 'ਤੇ ਇਕ ਵਾਰ ਵੀ ਮੁਲਾਜ਼ਮਾਂ ਨੂੰ ਦਰਸ਼ਨ ਤੱਕ ਨਹੀਂ ਦਿੱਤੇ, ਇਸ ਲਈ ਮਜਬੂਰ ਹੋ ਕੇ ਮੁਲਾਜ਼ਮਾਂ ਨੇ ਇਸ ਸਕੀਮ ਦਾ ਆਗਾਜ਼ ਕੀਤਾ ਹੈ ਤੇ ਆਉਣ ਵਾਲੇ ਦਿਨਾਂ ਵਿਚ ਇਹ ਪਰਚੇ ਸੂਬੇ ਦੇ ਹਰ ਸ਼ਹਿਰ, ਗਲੀ-ਮੁਹੱਲੇ ਵਿਚ ਵੰਡੇ ਜਾਣਗੇ। ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਕੀਤੇ ਵਾਅਦੇ ਭੁੱਲਣੇ ਨਹੀਂ ਦੇਣਗੇ। ਜੇਕਰ ਮੁਲਾਜ਼ਮਾਂ ਨਾਲ ਸਰਕਾਰ ਨੇ ਮੀਟਿੰਗ ਨਾ ਕੀਤੀ ਤਾਂ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਤੋਂ 5 ਦਿਨ ਪਹਿਲਾਂ ਸੈਕਟਰ 17 ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਓ. ਐੱਸ. ਡੀ. ਵੱਲੋਂ ਪਿਛਲੇ ਸਾਲ 14 ਮਾਰਚ ਨੂੰ ਖਤਮ ਕਰਵਾਈ ਗਈ ਭੁੱਖ ਹੜਤਾਲ ਮੁੜ ਸ਼ੁਰੂ ਕੀਤੀ ਜਾਵੇਗੀ।