ਪੈਟਰੋਲ ਪੰਪ ਤੋਂ 40 ਹਜ਼ਾਰ ਦੀ ਲੁੱਟ, ਗੋਲੀ ਲੱਗਣ ਨਾਲ ਕਰਿੰਦਾ ਜ਼ਖਮੀ

Friday, Feb 16, 2018 - 01:28 AM (IST)

ਡੇਹਲੋਂ (ਡਾ. ਪ੍ਰਦੀਪ) - ਡੇਹਲੋਂ-ਲੁਧਿਆਣਾ ਰੋਡ 'ਤੇ ਰਣੀਆਂ ਨੇੜੇ ਪੈਂਦੇ ਇਕ ਪੈਟਰੋਲ ਪੰਪ 'ਤੇ ਅੱਜ ਸ਼ਾਮ ਸਮੇਂ ਕਾਰ ਸਵਾਰ 5 ਵਿਅਕਤੀ ਪੰਪ ਦੇ ਕਰਿੰਦੇ ਤੋਂ ਲੱਗਭਗ 40 ਹਜ਼ਾਰ ਰੁਪਏ ਲੁੱਟ ਕੇ ਲਏ ਗਏ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਿਲਾਇੰਸ ਪੈਟਰੋਲ ਪੰਪ 'ਤੇ ਅੱਜ ਸ਼ਾਮ ਲਗਭਗ 6.30 ਵਜੇ 5 ਵਿਅਕਤੀ ਲੁਧਿਆਣਾ ਸਾਈਡ ਤੋਂ ਸਵਿਫਟ ਕਾਰ 'ਤੇ ਆਏ ਤੇ 2 ਹਜ਼ਾਰ ਰੁਪਏ ਦਾ ਤੇਲ ਪਵਾਇਆ ਅਤੇ ਪੈਸੇ ਵੀ ਨਹੀਂ ਦਿੱਤੇ ਤੇ ਜਾਂਦੇ ਹੋਏ ਕਰਿੰਦੇ ਤੋਂ ਬੈਗ ਖੋਹ ਲਿਆ ਅਤੇ ਉਸ 'ਚੋਂ ਲਗਭਗ 40 ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਲੈ ਗਏ। ਜਦੋਂ ਪੰਪ ਦੇ ਕਰਿੰਦੇ ਨੇ ਰੌਲਾ ਪਾਇਆ ਅਤੇ ਕਾਰ ਮਗਰ ਭੱਜਿਆ ਤਾਂ ਕਾਰ ਸਵਾਰ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ, ਜਿਸ 'ਤੇ ਗੋਲੀ ਨਵਜੋਤ ਸਿੰਘ ਦੀ ਵੱਖੀ ਨੂੰ ਖਹਿਕੇ ਲੰਘ ਗਈ। ਸੂਚਨਾ ਮਿਲਣ 'ਤੇ ਡੇਹਲੋਂ ਪੁਲਸ ਮੌਕੇ 'ਤੇ ਪੁੱਜੀ ਅਤੇ ਏ. ਸੀ. ਪੀ. ਗਿੱਲ ਰਮਨਦੀਪ ਸਿੰਘ ਭੁੱਲਰ, ਕੰਵਲਜੀਤ ਸਿੰਘ ਥਾਣਾ ਮੁਖੀ ਡੇਹਲੋਂ ਨੇ ਮੌਕੇ ਦਾ ਜਾਇਜ਼ਾ ਲਿਆ। ਥਾਣਾ ਮੁਖੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਨਵਜੋਤ ਸਿੰਘ ਨੂੰ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਸ-ਪਾਸ ਦੇ ਸੀ. ਸੀ. ਟੀ. ਵੀ. ਦੀ ਫੁਟੇਜ ਦੇਖੀ ਜਾ ਰਹੀ ਹੈ।


Related News