ਕਾਲਜ ''ਚ ਦਾਖਲ ਹੋ ਕੇ ਚੋਰਾਂ ਨੇ ਕੀਤੀ ਲੱਖਾਂ ਦੀ ਚੋਰੀ, ਕੈਮਰੇ ''ਚ ਕੈਦ ਹੋਈ ਘਟਨਾ

02/11/2018 6:49:01 PM

ਨਡਾਲਾ (ਸ਼ਰਮਾ)— ਇਥੇ ਬੀਤੀ ਰਾਤ ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਖੇ ਚੋਰਾਂ ਵੱਲੋਂ ਲੱਖਾਂ ਦੀ ਨਕਦੀ 'ਤੇ ਹੱਥ ਸਾਫ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਕੁਲਵੰਤ ਸਿੰਘ ਫੁੱਲ ਨੇ ਦਸਿਆ ਕਿ ਐਤਵਾਰ ਸਵੇਰੇ 7 ਵਜੇ ਕਾਲਜ ਦੇ ਚੌਕੀਦਾਰ ਰਾਮ ਰਾਜ ਰਾਜੂ ਨੇ ਫੋਨ ਰਾਹੀਂ ਚੋਰੀ ਹੋਣ ਦੀ ਸੂਚਨਾ ਦਿੱਤੀ। ਜਦ ਕਾਲਜ ਆ ਕੇ ਦੇਖਿਆ ਕਿ ਕਾਲਜ ਦਫਤਰ, ਪ੍ਰਿੰਸੀਪਲ ਦਫਤਰ, ਕਾਲਜੀਏਟ ਸਕੂਲ ਦਫਤਰ ਅਤੇ ਲਾਇਬ੍ਰੇਰੀ ਦੇ ਜਿੰਦਰੇ ਟੁੱਟੇ ਹੋਏ ਸਨ। ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ ਅਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ। 


ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਬੈਂਕਾ 'ਚ ਛੁੱਟੀ ਹੋਣ ਕਾਰਨ ਵਿਦਿਆਰਥੀਆ ਵੱਲੋਂ ਇਕੱਠੀਆਂ ਕੀਤੀਆ ਫੀਸਾਂ ਦਫਤਰ 'ਚ ਹੀ ਰਹਿਣ ਦਿੱਤੀਆਂ, ਜਿਸ ਦੀ ਕੁਲ ਰਕਮ 1 ਲੱਖ 72 ਹਜਾਰ ਰੁਪਏ ਬਣਦੀ ਹੈ। ਚੋਰ ਜਾਂਦੇ ਹੋਏ ਉਹ ਨਕਦੀ ਅਤੇ 1 ਲੱਖ 20 ਹਜ਼ਾਰ ਦਾ ਚੈੱਕ ਆਪਣੇ ਨਾਲ ਲੈ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ਼ ਦੇ ਆਧਾਰ 'ਤੇ ਚੋਰ, ਜਿਨ੍ਹਾਂ ਦੀ ਗਿਣਤੀ ਤਿੰਨ ਸੀ ਰਾਤ 1:30 ਵਜੇ ਤੋਂ 3:00 ਵਜੇ ਤੱਕ ਆਪਣਾ ਹੁੜਦੰਗ ਮਚਾਉਂਦੇ ਰਹੇ। ਉਨ੍ਹਾਂ ਦੱਸਿਆ ਕਿ ਇਹ ਚੋਰੀ ਕਾਲਜ ਦੇ ਚੌਂਕੀਦਾਰ ਰਾਮ ਰਾਜ ਰਾਜੂ ਦੀ ਲਾਪਰਵਾਹੀ ਦਾ ਨਤੀਜਾ ਹੈ ਜੋ ਕਿ ਕਾਲਜ 'ਚ ਬਣੇ ਆਪਣੇ ਕੁਆਟਰ 'ਚ ਘੂਕ ਸੌਂ ਰਿਹਾ ਸੀ। ਇਸ ਹੋਈ ਘਟਨਾ ਦੌਰਾਨ ਨਕਦੀ ਤੋਂ ਇਲਾਵਾ ਬਾਕੀ ਹੋਰ ਸਾਮਾਨ ਸੁਰੱਖਿਅਤ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਹਰਦੀਪ ਸਿੰਘ ਥਾਣਾ ਸੁਭਾਨਪੁਰ,  ਚੋਕੀ ਇੰਚਾਰਜ ਏ. ਐੱਸ. ਆਈ. ਕੁਲਵੰਤ ਸਿੰਘ ਮੌਕੇ 'ਤੇ ਪੁਜ ਗਏ। ਉਨ੍ਹਾਂ ਨੇ ਦਸਿਆ ਕਿ ਕੈਮਰੇ ਦੀ ਫੁਟੇਜ਼ ਅਤੇ ਹੋਰ ਤੱਥਾ ਦੇ ਆਧਾਰ 'ਤੇ ਤਫਤੀਸ਼ ਜਾਰੀ ਹੈ।