2 ਘੰਟੇ ਪਹਿਲਾਂ ਰੱਖੀ ਨੌਕਰਾਣੀ ਨੇ ਚਾੜਿਆ ਚੰਨ, ਪਲਾਂ ''ਚ ਅਜਿਹਾ ਕਾਂਡ ਕਰਕੇ ਹੋਈ ਫਰਾਰ

09/19/2017 7:11:01 PM

ਜਲੰਧਰ— ਇਥੋਂ ਦੇ ਪਰਾਗਪੁਰ ਚੌਕੀ ਅਧੀਨ ਆਉਂਦੇ ਆਫਿਸ ਐਨਕਲੇਵ 'ਚ ਇਕ ਘਰ ਦੇ ਪਰਿਵਾਰ ਦੇ ਪੈਰਾਂ ਹੇਠੋਂ ਉਸ ਸਮੇਂ ਜ਼ਮੀਨ ਖਿਸਕ ਗਈ, ਜਦੋਂ ਉਨ੍ਹਾਂ ਦੀ 2 ਘੰਟੇ ਪਹਿਲਾਂ ਰੱਖੀ ਨੌਕਰਾਣੀ ਘਰ 'ਚ ਲੁੱਟਖੋਹ ਕਰਕੇ ਫਰਾਰ ਹੋ ਗਈ। ਨੌਕਰਾਣੀ ਪਲਾਂ 'ਚ ਘਰ ਦੀ ਅਲਮਾਰੀ 'ਚੋਂ 15 ਤੋਲੇ ਸੋਨੇ ਦੇ ਗਹਿਣੇ ਅਤੇ 20 ਹਜ਼ਾਰ ਦੀ ਨਕਦੀ ਚੋਰੀ ਕਰਕੇ ਮਿੰਟਾਂ 'ਚ ਭੱਜ ਗਈ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਘਰ ਦੀਆਂ ਔਰਤਾਂ ਕੁਝ ਸਮੇਂ ਬਾਅਦ ਘਰ 'ਚ ਆਈਆਂ ਅਤੇ ਅਲਮਾਰੀ ਦਾ ਸਾਮਾਨ ਬਿਖਰਿਆ ਦੇਖ ਕੇ ਹੈਰਾਨ ਰਹਿ ਗਈਆਂ। ਇਸ ਤੋਂ ਬਾਅਦ ਤੁਰੰਤ ਸੂਚਨਾ ਪਰਾਗਪੁਰ ਪੁਲਸ ਨੂੰ ਦਿੱਤੀ ਗਈ। ਮਹਿਲਾ ਦੋਸ਼ੀ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ ਹੈ। 
ਘਰ ਦੇ ਮਾਲਕ ਰੋਹਿਤ ਅਗਰਵਾਲ ਨੇ ਦੱਸਿਆ ਕਿ ਸੋਮਵਾਰ ਸਵੇਰੇ ਘਰ 'ਚ ਸਿਰਫ ਉਨ੍ਹਾਂ ਦੀ ਬਜ਼ੁਰਗ ਮਾਂ ਅਤੇ ਬੱਚੇ ਹੀ ਸਨ। ਮਾਂ ਨੂੰ ਅਧਰੰਗ ਦੀ ਸ਼ਿਕਾਇਤ ਹੈ ਜਦਕਿ ਬੱਚੇ ਘਰ ਦੇ ਅੰਦਰ ਹੀ ਖੇਡ ਰਹੇ ਸਨ। ਇਸੇ ਦੌਰਾਨ ਇਕ ਮਹਿਲਾ ਕੰਮ ਮੰਗਣ ਲਈ ਘਰ ਦੇ ਅੰਦਰ ਆਈ। ਮਾਂ ਨੇ ਉਸ ਨੂੰ ਕੰਮ 'ਤੇ ਰੱਖ ਕੇ ਉਸ ਕੋਲੋਂ ਸਾਫ-ਸਫਾਈ ਦਾ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ। ਦੋ ਘੰਟੇ ਬਾਅਦ ਔਰਤ ਘਰ 'ਚੋਂ ਚਲੀ ਗਈ। ਇਸ ਦੇ ਕੁਝ ਦੇਰ ਬਾਅਦ ਹੀ ਘਰ ਦੀਆਂ ਔਰਤਾਂ ਆਈਆਂ ਅਤੇ ਉਨ੍ਹਾਂ ਨੇ ਦੇਖਿਆ ਕਿ ਅਲਮਾਰੀ ਖੁੱਲ੍ਹੀ ਹੋਈ ਸੀ ਅਤੇ ਅੰਦਰ ਰੱਖੇ 15 ਤੋਲੇ ਸੋਨੇ ਦੀ ਗਹਿਣੇ ਅਤੇ 20 ਹਜ਼ਾਰ ਰੁਪਏ ਦਾ ਕੈਸ਼ ਗਾਇਬ ਸੀ। ਇਸ ਤੋਂ ਬਾਅਦ ਰੋਹਿਤ ਅਗਰਵਾਲ ਨੂੰ ਫੋਨ 'ਤੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ। ਫਿਰ ਪੁਲਸ ਕੰਟਰੋਲ ਰੂਮ 'ਚ ਸੂਚਨਾ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸੀ. ਸੀ. ਟੀ. ਵੀ. ਦੀ ਫੁਟੇਜ ਨੂੰ ਖੰਗਾਲਿਆ ਤਾਂ ਮਹਿਲਾ ਕੈਮਰੇ 'ਚ ਕੈਦੀ ਸੀ। ਉਸ ਦੇ ਹੱਥ 'ਚ ਸਾਮਾਨ ਫੜਿਆ ਨਜ਼ਰ ਆਇਆ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।