ਜਲੰਧਰ : ਵਟਸਐਪ ਜ਼ਰੀਏ ਦਬੋਚੇ ਜਿਊਲਰੀ ਲੁੱਟਣ ਵਾਲੇ ਬੰਟੀ-ਬਬਲੀ

07/03/2018 6:56:13 AM

ਜਲੰਧਰ, (ਵਰੁਣ)- ਇਕ ਜਿਊਲਰੀ ਦੀ ਦੁਕਾਨ 'ਚੋਂ ਗਹਿਣੇ ਲੁੱਟਣ ਵਾਲੇ ਬੰਟੀ-ਬਬਲੀ ਨੂੰ ਵਟਸਐਪ ਜ਼ਰੀਏ ਕਾਬੂ ਕਰ ਲਿਆ ਗਿਆ। ਗੜ੍ਹਾ ਰੋਡ 'ਤੇ ਸਥਿਤ ਨਿਊ ਗੋਲਡਨ ਜਿਊਲਰ ਦੇ ਮਾਲਕ ਸੁਨੀਲ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਨ੍ਹਾਂ ਦੇ ਪਿਤਾ ਸੁਭਾਸ਼ ਭਾਰਦਵਾਜ ਦੁਕਾਨ 'ਤੇ ਸਨ ਤਾਂ ਇਕ ਔਰਤ ਤੇ ਵਿਅਕਤੀ ਦੁਕਾਨ 'ਚ ਆ ਕੇ ਗਹਿਣੇ ਦਿਖਾਉਣ ਲਈ ਕਹਿਣ ਲੱਗੇ। ਉਨ੍ਹਾਂ ਕਾਫੀ ਗਹਿਣੇ ਦਿਖਾਏ ਪਰ ਕੁਝ ਸਮੇਂ ਤੋਂ ਬਾਅਦ ਬਿਨਾਂ ਕੁੱਝ ਲਏ ਉਥੋਂ ਚਲੇ ਗਏ। ਸ਼ਾਮ ਦੇ ਸਮੇਂ ਸੁਨੀਲ ਨੇ ਜਦੋਂ ਸਟਾਕ ਚੈੱਕ ਕੀਤਾ ਤਾਂ ਸੋਨੇ ਦੇ ਕੋਕੇ ਵਾਲਾ ਇਕ ਪੱਤਾ (50 ਕੋਕੇ) ਤੇ 3 ਚਾਂਦੀ ਦੇ ਕੜੇ ਗਾਇਬ ਸਨ।
ਉਨ੍ਹਾਂ ਨੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਔਰਤ ਨੇ ਹੀ ਸੋਨੇ ਦੇ ਕੋਕੇ ਵਾਲਾ ਪੱਤਾ ਤੇ 3 ਕੜੇ ਵਿਅਕਤੀ ਨੂੰ ਫੜਾ ਦਿੱਤੇ ਜਿਸ ਨੇ ਸਾਰਾ ਸਾਮਾਨ ਆਪਣੀ ਜੇਬ 'ਚ ਪਾ ਲਿਆ। ਸੁਨੀਲ ਨੇ ਇਸ ਬਾਰੇ ਥਾਣਾ ਨੰ. 7 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ, ਜਦਕਿ ਸਾਰੀ ਫੁਟੇਜ ਵਟਸਐਪ ਗਰੁੱਪਾਂ 'ਚ ਪਾ ਦਿੱਤੀ। ਸੋਮਵਾਰ ਦੁਪਹਿਰ ਦੇ ਸਮੇਂ ਸੁਨੀਲ ਨੂੰ ਫੁੱਲਾਂ ਵਾਲਾ ਬਾਜ਼ਾਰ 'ਚ ਇਕ ਜਿਊਲਰ ਦਾ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ 'ਚੋਂ ਸਾਮਾਨ ਚੋਰੀ ਕਰਨ ਵਾਲੀ ਔਰਤ ਤੇ ਵਿਅਕਤੀ ਉਨ੍ਹਾਂ ਦੀ ਦੁਕਾਨ 'ਤੇ ਉਕਤ ਸਾਮਾਨ ਵੇਚਣ ਆਏ ਹਨ। ਸੁਨੀਲ ਨੇ ਤੁਰੰਤ ਥਾਣਾ ਨੰ. 7 ਦੀ ਪੁਲਸ ਨੂੰ ਸੂਚਨਾ ਦਿੱਤੀ।
ਸੁਨੀਲ ਪੁਲਸ ਨੂੰ ਨਾਲ ਲੈ ਕੇ ਫੁੱਲਾਂ ਵਾਲਾ ਬਾਜ਼ਾਰ 'ਚ ਸਥਿਤ ਉਸ ਦੁਕਾਨ 'ਤੇ ਪਹੁੰਚ ਗਿਆ ਤੇ ਔਰਤ ਤੇ ਉਸ ਵਿਅਕਤੀ ਨੂੰ ਕਾਬੂ ਕਰ ਲਿਆ। ਪੁਲਸ ਨੇ ਦੋਵਾਂ ਕੋਲੋਂ ਚੋਰੀ ਦਾ ਸਾਮਾਨ ਰਿਕਵਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਰਾਜਬੀਰ ਚੌਹਾਨ ਉਰਫ ਰਾਜੀਵ ਪੁੱਤਰ ਮਦਨ ਲਾਲ ਵਾਸੀ ਹਰੀਪੁਰਾ ਅੰਮ੍ਰਿਤਸਰ ਤੇ ਉਸ ਦੀ ਪਤਨੀ ਗੁਲਾਟੀ ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਖਿਲਾਫ ਕੇਸ ਦਰਜ ਕਰ ਲਿਆ ਹੈ।