ਭਰਾ ਦੇ ਵਿਆਹ ਆਏ ਐੱਨ. ਆਰ. ਆਈ. ਦੀ ਕੋਠੀ ''ਤੇ ਚੋਰਾਂ ਬੋਲਿਆ ਧਾਵਾ
Saturday, Jan 13, 2018 - 10:06 AM (IST)

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਨੇੜਲੇ ਪਿੰਡ ਨੂਰਪੁਰ ਵਿਖੇ ਸਥਿਤ ਐੱਨ. ਆਰ. ਆਈ. ਹਰਬੰਸ ਸਿੰਘ ਤੇ ਉਸਦੇ ਸਪੁੱਤਰ ਹਰਜੀਤ ਸਿੰਘ ਦੀ ਕੋਠੀ 'ਤੇ ਚੋਰਾਂ ਨੇ ਦਿਨ-ਦਿਹਾੜੇ ਧਾਵਾ ਬੋਲਿਆ ਤੇ ਉਸਦੇ ਘਰੋਂ 15 ਲੱਖ ਦੀ ਵਿਦੇਸ਼ੀ ਕਰੰਸੀ, 2 ਲੱਖ 20 ਹਜ਼ਾਰ ਦੀ ਭਾਰਤੀ ਕਰੰਸੀ ਸਮੇਤ 10 ਤੋਲੇ ਸੋਨਾ ਚੋਰੀ ਕਰਕੇ ਲੈ ਗਏ।
ਨੂਰਪੁਰ ਪਿੰਡ ਦੇ ਬਾਹਰ ਐੱਨ. ਆਰ. ਆਈ. ਹਰਬੰਸ ਸਿੰਘ ਦੀ ਕੋਠੀ ਹੈ ਤੇ ਉਸਦਾ ਪੁੱਤਰ ਹਰਜੀਤ ਸਿੰਘ, ਜੋ ਕਿ ਸਪੇਨ ਵਿਖੇ ਰਹਿੰਦਾ ਹੈ, ਕੱਲ ਆਪਣੇ ਚਚੇਰੇ ਭਰਾ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਵਿਦੇਸ਼ ਤੋਂ ਆਇਆ ਸੀ। ਕੋਠੀ ਨੂੰ ਤਾਲਾ ਲਾ ਕੇ ਮਾਛੀਵਾੜਾ ਸ਼ਹਿਰ ਵਿਚ ਵਿਆਹ ਦੇ ਸਾਮਾਨ ਦੀ ਖਰੀਦਦਾਰੀ ਕਰਨ ਲਈ ਆ ਗਿਆ। 4 ਵਜੇ ਪਿੰਡ 'ਚ ਰਹਿੰਦਾ ਉਸਦਾ ਭਰਾ ਸ਼ੇਰ ਸਿੰਘ ਜਦੋਂ ਹਰਬੰਸ ਸਿੰਘ ਦੀ ਕੋਠੀ ਕੋਲ ਆਇਆ ਤਾਂ ਉਸਨੇ ਦੇਖਿਆ ਕਿ ਕੋਠੀ ਦਾ ਬਾਹਰਲਾ ਤਾਲਾ ਤੋੜਿਆ ਹੋਇਆ ਸੀ, ਉਸਨੇ ਆਪਣੇ ਭਰਾ ਨੂੰ ਸੂਚਿਤ ਕੀਤਾ। ਹਰਬੰਸ ਸਿੰਘ ਤੇ ਵਿਦੇਸ਼ ਤੋਂ ਪਰਤੇ ਹਰਜੀਤ ਸਿੰਘ ਨੇ ਕੋਠੀ ਵਿਚ ਆ ਕੇ ਦੇਖਿਆ ਤਾਂ ਘਰ ਦੇ ਸਾਰੇ ਕਮਰਿਆਂ ਦੇ ਦਰਵਾਜ਼ੇ ਖੁੱਲ੍ਹੇ ਤੇ ਅਲਮਾਰੀਆਂ ਦੇ ਤਾਲੇ ਤੋੜੇ ਹੋਏ ਸਨ।
ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਮੁਖੀ ਸੁਰਿੰਦਰਪਾਲ ਸਿੰਘ ਮੌਕੇ 'ਤੇ ਪਹੁੰਚੇ। ਐੱਨ. ਆਰ. ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਉਹ 20 ਹਜ਼ਾਰ ਯੂਰੋ (15 ਲੱਖ ਰੁਪਏ) ਵਿਦੇਸ਼ ਤੋਂ ਲੈ ਕੇ ਆਇਆ ਸੀ ਜੋ ਕਿ ਚੋਰ ਚੋਰੀ ਕਰਕੇ ਲੈ ਗਏ। ਨੂਰਪੁਰ ਵਿਖੇ ਰਹਿੰਦੇ ਦੋਵਾਂ ਭਰਾਵਾਂ ਹਰਬੰਸ ਸਿੰਘ ਤੇ ਸ਼ੇਰ ਸਿੰਘ ਦੇ ਘਰ ਨਿਰਾਸ਼ਾ ਦਾ ਆਲਮ ਛਾ ਗਿਆ। ਮਾਛੀਵਾੜਾ ਪੁਲਸ ਵਲੋਂ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕੁਝ ਸੁਰਾਗ ਮਿਲੇ ਹਨ ਪਰ ਅਜੇ ਤਕ ਲੱਖਾਂ ਰੁਪਏ ਦੀ ਚੋਰੀ ਕਰਨ ਵਾਲੇ ਚੋਰ ਪੁਲਸ ਦੀ ਪਕੜ ਤੋਂ ਬਾਹਰ ਹਨ।
ਕਿਸੇ ਭੇਤੀ ਦੀ ਸਹਾਇਤਾ ਨਾਲ ਹੋਈ ਚੋਰੀ
ਐੱਨ. ਆਰ. ਆਈ. ਹਰਬੰਸ ਸਿੰਘ ਦਾ ਲੜਕਾ ਹਰਜੀਤ ਸਿੰਘ ਕੱਲ 11 ਜਨਵਰੀ ਨੂੰ ਵਿਦੇਸ਼ ਤੋਂ ਪਰਤਿਆ ਸੀ ਤੇ ਅੱਜ ਸਵੇਰੇ ਡੇਢ ਵਜੇ ਜਦੋਂ ਸਾਰਾ ਪਰਿਵਾਰ ਖਰੀਦਦਾਰੀ ਕਰਨ ਲਈ ਮਾਛੀਵਾੜਾ ਸ਼ਹਿਰ ਆਇਆ ਤਾਂ ਪਿੱਛੋਂ ਚੋਰਾਂ ਨੇ ਘਟਨਾ ਨੂੰ ਅੰਜਾਮ ਦਿੱਤਾ। ਇਸ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਜਾਂ ਕਿਸੇ ਆਸ-ਪਾਸ ਦੇ ਪਿੰਡ ਦੇ ਹੀ ਕਿਸੇ ਭੇਤੀ ਨੇ ਇਸ ਚੋਰੀ ਵਿਚ ਚੋਰਾਂ ਦੀ ਸਹਾਇਤਾ ਕੀਤੀ ਕਿਉਂਕਿ ਉਸਨੇ ਭਿਣਕ ਰੱਖੀ ਕਿ ਕਦੋਂ ਪਰਿਵਾਰ ਕੋਠੀ ਸੁੰਨੀ ਛੱਡ ਕੇ ਜਾਵੇ ਤੇ ਉਹ ਚੋਰੀ ਨੂੰ ਅੰਜਾਮ ਦੇ ਸਕੇ।