ਪੰਜਾਬ ਭਰ ''ਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜ ਗ੍ਰਿਫਤਾਰ

03/17/2018 6:07:41 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ ਪੰਜਾਬ ਭਰ 'ਚ ਸ਼ਰਾਬ ਦੇ ਠੇਕੇ, ਪੈਟਰੋਲ ਪੰਪ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਲੁੱਟੀਆਂ ਹੋਈਆਂ ਸ਼ਰਾਬ ਦੀਆਂ 16 ਪੇਟੀਆਂ ਅਤੇ ਇਕ ਇਨੋਵਾ ਗੱਡੀ ਬਰਾਮਦ ਕੀਤੀ ਹੈ। ਇਸ ਗੈਂਗ ਵਲੋਂ ਜ਼ਿਲਾ ਲੁਧਿਆਣਾ, ਅੰਮ੍ਰਿਤਸਰ, ਮਜੀਠਾ, ਤਰਨਤਾਰਨ, ਪਟਿਆਲਾ ਅਤੇ ਸੰਗਰੂਰ, ਬਰਨਾਲਾ 'ਚ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਪੰਜ ਵਿਅਕਤੀਆਂ 'ਚੋਂ ਚਾਰ ਵਿਅਕਤੀਆਂ ਦਾ ਪੁਲਸ ਨੂੰ ਦੋ ਦਿਨ ਦਾ ਰਿਮਾਂਡ ਮਿਲਿਆ ਹੈ। ਜਦੋਂਕਿ ਇਕ ਵਿਅਕਤੀ ਨੂੰ ਜੇਲ ਭੇਜ ਦਿੱਤਾ ਗਿਆ ਹੈ।
ਚਾਰ ਦੋਸ਼ੀਆਂ ਵਿਰੁੱਧ ਕਈ ਜ਼ਿਲਿਆਂ 'ਚ ਮੁਕੱਦਮੇ ਹਨ ਦਰਜ
ਪ੍ਰੈਸ ਕਾਨਫਰੰਸ 'ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ.ਪੀ. ਡੀ. ਕੁਲਦੀਪ ਸਿੰਘ ਵਿਰਕ ਨੇ ਦੱਸਿਆ ਕਿ ਐੱਸ.ਐੱਸ.ਪੀ. ਹਰਜੀਤ ਸਿੰਘ ਦੇ ਹੁਕਮਾਂ ਅਨੁਸਾਰ ਜ਼ਿਲਾ ਬਰਨਾਲਾ 'ਚ ਸ਼ਰਾਬ ਦੇ ਠੇਕਿਆਂ ਦੀ ਲੁੱਟ-ਖੋਹ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਸੀ.ਆਈ.ਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ ਦੀ ਡਿਊਟੀ ਲਗਾਈ ਗਈ ਸੀ। ਹੰਡਿਆਇਆ ਰੋਡ ਜੀ-ਮਾਲ ਸਿਨੇਮਾ ਨਜ਼ਦੀਕ ਚਾਰ ਵਿਅਕਤੀ ਪੈਟਰੋਲ ਪੰਪ ਅਤੇ ਸ਼ਰਾਬ ਦੇ ਠੇਕੇ ਲੁੱਟਣ ਦੀ ਯੋਜਨਾ ਬਣਾ ਰਹੇ ਸਨ। ਸੀ.ਆਈ.ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਉਕਤ ਚਾਰੇ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੀ ਪਹਿਚਾਣ ਯਕਾਬੂ ਖਾਨ ਉਰਫ ਜਗਰੂਪ, ਯਾਕਬੂ ਮੁਹੰਮਦ ਪੁੱਤਰ ਬੂਟਾ ਖਾਨ ਵਾਸੀ ਨੱਥੋਵਾਲ, ਸਹਿਜਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ, ਅਮਰਜੀਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਨੂਰਪੁਰਾ ਹਾਲ ਆਬਾਦ ਲੁਧਿਆਣਾ, ਰਾਜੇਸ਼ ਕੁਮਾਰ ਉਰਫ ਰਾਜੂ ਪੁੱਤਰ ਨੰਦ ਕਿਸ਼ੋਰ ਵਾਸੀ ਹੈਬੋਵਾਲ, ਜੱਜ ਸਿੰਘ ਉਰਫ ਗੁਰਤੇਜ ਪੁੱਤਰ ਗੁਰਦੇਵ ਸਿੰਘ ਵਾਸੀ ਫਿਰੋਜ਼ਪੁਰ ਦੇ ਤੌਰ 'ਤੇ ਹੋਈ। ਇਨ੍ਹਾਂ 'ਚੋਂ ਯਾਕਬੂ ਮੁਹੰਮਦ ਖਿਲਾਫ 11 ਕੇਸ, ਸਹਿਜਪ੍ਰੀਤ ਖਿਲਾਫ 10 ਕੇਸ, ਦੋਸ਼ੀ ਜੱਜ ਸਿੰਘ ਉਰਫ ਗੁਰਤੇਜ ਖਿਲਾਫ 7 ਕੇਸ, ਦੋਸ਼ੀ ਅਮਰਜੀਤ ਖਿਲਾਫ 5 ਕੇਸ ਦਰਜ ਹਨ।