ਡਕੈਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗਿਰੋਹ ਗ੍ਰਿਫ਼ਤਾਰ, ਵੱਡੇ ਖ਼ੁਲਾਸੇ ਹੋਣ ਦੀ ਉਮੀਦ

06/06/2023 2:03:31 PM

ਟਾਂਡਾ ਉੜਮੁੜ (ਪੰਡਿਤ, ਗੁਪਤਾ, ਕੁਲਦੀਸ਼, ਮੋਮੀ, ਜਸਵਿੰਦਰ, ਪੱਪੂ, ਸ਼ਰਮਾ) : ਟਾਂਡਾ ਪੁਲਸ ਵੱਲੋਂ ਨਸ਼ੇ ਵਾਲੇ ਪਾਊਡਰ ਸਣੇ ਕਾਬੂ ਕੀਤੇ ਗਏ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਡਕੈਤੀ ਅਤੇ ਲੁੱਟਾਂ ਦੀਆਂ ਵਾਰਦਾਤਾਂ ਕਬੂਲੀਆਂ ਹਨ। ਪੁਲਸ ਵੱਲੋਂ ਕਾਬੂ ਕੀਤੇ ਗਏ ਗਿਰੋਹ ਦੇ 4 ਮੈਂਬਰਾਂ ਵਿਚੋਂ ਇਕ ਔਰਤ ਵੀ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਕਾਬੂ ਆਏ ਮੁਲਜ਼ਮਾਂ ਦੀ ਪਛਾਣ ਜਸਪਾਲ ਮਸੀਹ ਉਰਫ ਗੁੱਲੀ ਪੁੱਤਰ ਮਹਿੰਦਰ ਪਾਲ, ਸੰਨੀ ਪੁੱਤਰ ਜਸਪਾਲ ਮਸੀਹ, ਗੁਰਪ੍ਰੀਤ ਉਰਫ ਨਦਰੀ ਪੁੱਤਰ ਮਦਨ ਸਿੰਘ ਵਾਸੀ ਸਲਾਮਤਪੁਰਾ (ਭੁਲੱਥ) ਅਤੇ ਸਮੁੰਦਰਾ ਪਤਨੀ ਜੋਨਸ ਵਾਸੀ ਸ਼ਾਹਪੁਰ (ਦਸੂਹਾ) ਦੇ ਰੂਪ ਵਿਚ ਹੋਈ ਹੈ।

ਥਾਣਾ ਮੁਖੀ ਨੇ ਦੱਸਿਆ ਕਿ ਪਿੰਡ ਸਹਿਬਾਜ਼ਪੁਰ ਮੋੜ ਨਜ਼ਦੀਕ ਜਦੋਂ ਏ. ਐੱਸ. ਆਈ. ਦਿਲਦਾਰ ਸਿੰਘ ਦੀ ਟੀਮ ਵੱਲੋਂ ਗਸ਼ਤ ਦੌਰਾਨ ਨਸ਼ੇ ਵਾਲੇ 530 ਗ੍ਰਾਮ ਪਾਊਡਰ ਸਣੇ ਕਾਬੂ ਆਏ ਮੁਲਜ਼ਮਾਂ ਜਸਪਾਲ ਮਸੀਹ ਅਤੇ ਪੁੱਤਰ ਸੰਨੀ ਦੇ ਖ਼ਿਲਾਫ ਮਾਮਲਾ ਦਰਜ ਕਰ ਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ ਤਾਂ ਡਕੈਤੀ ਗਿਰੋਹ ਦਾ ਪਰਦਾਫਾਸ਼ ਹੋਇਆ ਅਤੇ ਉਨ੍ਹਾਂ ਦੇ ਉਕਤ ਦੋ ਹੋਰਨਾਂ ਸਾਥੀਆਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ 4 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਤਾਂ ਉਨ੍ਹਾਂ ਨੇ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਕਰਦੇ ਦੱਸਿਆ ਕਿ ਪਿਛਲੇ ਦਿਨਾਂ ਵਿਚ ਉਨ੍ਹਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਟਾਂਡਾ ਇਲਾਕੇ, ਹੁਸ਼ਿਆਰਪੁਰ ਜ਼ਿਲ੍ਹੇ ਅਤੇ ਹੋਰ ਜ਼ਿਲ੍ਹੇ ਵਿਚ ਵੱਡੇ ਘਰਾਂ, ਕੋਠੀਆਂ ਨੂੰ ਲੁੱਟ ਦਾ ਨਿਸ਼ਾਨਾ ਬਣਾਇਆ। ਇਸਦੇ ਨਾਲ ਹੀ ਇਨ੍ਹਾਂ ਲੁੱਟ ਦੀਆਂ ਵਾਰਦਾਤਾਂ ਦੌਰਾਨ ਮਾਰੂ ਹਥਿਆਰਾਂ ਨਾਲ ਕਈ ਲੋਕਾਂ ਨੂੰ ਕੁੱਟਮਾਰ ਕਰ ਕੇ ਗੰਭੀਰ ਜ਼ਖਮੀ ਵੀ ਕੀਤਾ ਸੀ।

ਕਬੂਲੀਆਂ ਇਹ ਵਾਰਦਾਤਾਂ

ਇਨ੍ਹਾਂ ਮੁਲਜ਼ਮਾਂ ਨੇ ਪਿਛਲੇ ਵਰ੍ਹੇ 2 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਗਿਲਜੀਆਂ ਦੇ ਬਲਵਿੰਦਰ ਸਿੰਘ ਦੇ ਘਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਪਰਿਵਾਰ ਦੇ ਮੈਂਬਰਾਂ ਨੂੰ ਜ਼ਖਮੀ ਕੀਤਾ ਸੀ। ਇਸੇ ਤਰ੍ਹਾਂ 10/11 ਮਈ ਦੀ ਦਰਮਿਆਨੀ ਰਾਤ ਨੂੰ ਕਰਨੈਲ ਸਿੰਘ ਵਾਸੀ ਇਬਰਾਹਿਮਪੁਰ ਦੇ ਘਰ ਲੁੱਟ ਦੀ ਨੀਅਤ ਨਾਲ ਦਾਖਲ ਹੋ ਕੇ ਉਸਨੂੰ ਜ਼ਖਮੀ ਕਰ ਦਿੱਤਾ ਸੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਕੋਲੋਂ ਰਿਮਾਂਡ ਦੌਰਾਨ ਉਨ੍ਹਾਂ ਦੇ ਹੋਰਨਾਂ ਸਾਥੀਆਂ ਅਤੇ ਲੁੱਟੇ ਗਏ ਸਾਮਾਨ ਅਤੇ ਹੋਰ ਵਾਰਦਾਤਾਂ ਬਾਰੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ। ਫਿਲਹਾਲ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਮੋਟਰਸਾਈਕਲ ਬਰਾਮਦ ਹੋਇਆ ਹੈ। 

Gurminder Singh

This news is Content Editor Gurminder Singh