ਪਿਸਤੌਲ ਦੀ ਨੋਕ ’ਤੇ ਲੱਖਾਂ ਦਾ ਕੀਮਤੀ ਤਾਂਬਾ ਲੁੱਟ ਕੇ ਫਰਾਰ ਹੋਏ ਲੁਟੇਰੇ

07/24/2018 6:10:29 AM

ਪਟਿਆਲਾ, (ਬਲਜਿੰਦਰ)- ਸ਼ਹਿਰ ਵਿਚ ਪਿਛਲੇ ਕੁਝ ਦਿਨਾਂ ਤੋਂ ਚੋਰੀ ਦੀਆਂ ਵੱਡੀਆਂ ਘਟਨਾਵਾਂ ਦੇਖਣ ਵਿਚ ਮਿਲ ਰਹੀਆਂ ਹਨ। ਬੀਤੀ ਰਾਤ ਨਿਰੰਕਾਰੀ ਭਵਨ ਦੇ ਸਾਹਮਣੇ ਜਸਵਿੰਦਰ ਇਲੈਕਟਰੀਕਲ ਦੀ ਦੁਕਾਨ ਤੋਂ ਲੁਟੇਰੇ ਪਿਸਤੌਲ ਦੀ ਨੋਕ ’ਤੇ ਲੱਖਾਂ ਰੁਪਏ ਦਾ ਤਾਂਬਾ ਲੁੱਟ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਪਹਿਲਾਂ ਚੌਕੀਦਾਰ ਦੀ ਕੁੱਟ-ਮਾਰ ਕੀਤੀ। ਫਿਰ ਪਿਸਤੌਲ ਦਿਖਾ ਕੇ ਉਥੋਂ ਭਜਾ ਦਿੱਤਾ। ਦੁਕਾਨ ਮਾਲਕ ਜਸਵਿੰਦਰ ਸਿੰਘ ਦੀ  ਦੁਕਾਨ  ’ਚੋਂ  ਚੋਰ ਤਾਂਬੇ ਦੀਆਂ ਤਾਰਾਂ ਦੇ ਰੋਲ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲਾਏ ਗਏ ਹਿਸਾਬ ਮੁਤਾਬਕ ਸਾਢੇ 5 ਲੱਖ ਰੁਪਏ ਦਾ ਸਾਮਾਨ ਲੁੱਟ ਕੇ ਲੈ ਗਏ। ਲੁਟੇਰਿਆਂ ਦੀਆਂ ਕਈ ਥਾਵਾਂ ’ਤੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਤਸਵੀਰਾਂ ਵੀ ਕੈਦ ਹੋ ਗਈਆਂ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਡਾਗ ਸਕੁਐਡ ਵੀ ਬੁਲਾਏ। ਫੋਰੈਂਸਿਕ ਮਾਹਰਾਂ ਦੀ ਟੀਮ ਨੇ ਫਿੰਗਰ ਪ੍ਰਿੰਟ ਵੀ ਲਏ।  ®ਦੁਕਾਨ ਦੇ ਚੌਕੀਦਾਰ ਮੁਤਾਬਕ 5 ਵਿਅਕਤੀ ਚਿੱਟੇ ਰੰਗ ਦੀ ਸਵਿਫਟ ਕਾਰ ਵਿਚ ਆਏ ਅਤੇ ਉਸ ਦੀ ਕੁੱਟ-ਮਾਰ ਸ਼ੁਰੂੁ ਕਰ ਦਿੱਤੀ।
 ਉਨ੍ਹਾਂ ਵਿਚੋਂ ਇਕ ਨੇ ਪਿਸਤੌਲ ਕੱਢਿਆ ਅਤੇ ਉਸ ਦੀ ਪੁੜਪੜੀ ’ਤੇ ਰੱਖ ਕੇ ਮਾਰਨ ਦੀ ਧਮਕੀ ਦੇ ਕੇ ਭਜਾ ਦਿੱਤਾ। ਅੱਗੇ ਚੋਕ ਵਿਚ ਇਕ ਪੁਲਸ ਵਾਲਾ ਮਿਲ ਗਿਆ। ਚੌਕੀਦਾਰ ਨੇ ਸਾਰੀ ਘਟਨਾ ਉਸ ਨੂੰ ਦੱਸੀ। ਜਦੋਂ ਦੋਏਂ ਵਾਪਸ ਆਏ ਤਾਂ ਲੁਟੇਰਿਆਂ ਨੇ ਦੂੁਰ ਤੋਂ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਨੇਡ਼ੇ ਨਹੀਂ ਲੱਗਣ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। 
ਮੈਡੀਕਲ ਸਟੋਰ ’ਚੋਂ ਸਵਾ ਲੱਖ ਕੈਸ਼ ਚੋਰੀ, ਘਰ ਵਿਚੋਂ ਗਹਿਣੇ ਤੇ ਨਕਦੀ ਗਾਇਬ
 ਬੀਤੀ ਰਾਤ ਚੋਰਾਂ ਨੇ ਸਰਕਾਰੀ ਮੈਡੀਕਲ ਕਾਲਜ ਦੇ ਕੋਲ ਇਕ ਮੈਡੀਕਲ ਸਟੋਰ ਨੂੰ ਚੋਰਾਂ ਨੇ ਨਿਸ਼ਾਨਾ ਬਣਿਆ। ਦੁਕਾਨ ਦੇ ਮਾਲਕ  ਮੁਤਾਬਕ ਚੋਰ ਸ਼ਟਰ ਤੋਡ਼ ਕੇ ਸਵਾ ਲੱਖ ਰੁਪਏ ਚੋਰੀ ਕਰ ਕੇ ਫਰਾਰ ਹੋ ਗਏ। ਪੁਲਸ ਨੇ ਦੁਕਾਨ  ਮਾਲਕ ਦੀ ਸ਼ਿਕਾਇਤ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਬੀਤੀ ਰਾਤ ਸ਼ਹਿਰ ਦੇ ਅਲੀਪੁਰ ਅਰਾਈਆਂ ਇਲਾਕੇ ਵਿਚ ਵੀ ਘਰ ਵੀ ਚੋਰੀ ਹੋ ਗਈ। ਚੋਰ ਨਕਦੀ ਅਤੇ ਗਹਿਣੇ ਚੋਰੀ ਕਰ ਕੇ ਲੈ ਗਏ। 
ਤਿੰਨ ਦਿਨ ਪਹਿਲਾਂ ਵੀ 4 ਮੈਡੀਕਲ ਸਟੋਰਾਂ ਸਮੇਤ 6 ਦੁਕਾਨਾਂ ’ਚ ਹੋਈ ਸੀ ਚੋਰੀ
 ਤਿੰਨ ਦਿਨ ਪਹਿਲਾਂ ਵੀ ਸ਼ਹਿਰ ਵਿਚ ਚੋਰਾਂ ਨੇ ਇਕ ਰਾਤ ਵਿਚ ਹੀ 4 ਮੈਡੀਕਲ ਸਟੋਰਾਂ ਸਮੇਤ ਕੁੱਲ 6 ਦੁਕਾਨਾਂ ’ਚੋਂ ਚੋਰੀ ਕੀਤੀ ਸੀ। ਚੋਰੀ ਦੀਆਂ ਲਗਾਤਾਰ ਵਧ ਰਹੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ। ਖਾਸ ਗੱਲ ਇਹ ਹੈ ਕਿ ਲਗਤਾਰ ਹੋ ਰਹੀਆਂ ਚੋਰੀਆਂ ਵਿਚੋਂ ਪੁਲਸ ਤੋਂ ਚੋਰ ਟਰੇਸ ਨਹੀਂ ਹੋ ਰਹੇ।