ਧੋਬੀ ਮੁਹੱਲਾ ਵਿਖੇ ਲੁਟੇਰਿਆਂ ਨੇ ਏ. ਟੀ. ਐੱਮ. ਨੂੰ ਬਣਾਇਆ ਨਿਸ਼ਾਨਾ

Sunday, Oct 22, 2017 - 05:55 AM (IST)

ਜਲੰਧਰ, (ਸੁਧੀਰ)- ਕਮਿਸ਼ਨਰੇਟ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦੀ ਪੋਲ ਖੋਲ੍ਹਦੇ ਹੋਏ ਬੇਖੌਫ ਲੁਟੇਰੇ ਸ਼ਹਿਰ ਵਿਚ ਇਕ ਵਾਰ ਫਿਰ ਸਰਗਰਮ ਹੋ ਗਏ ਹਨ। ਜੋਤੀ ਚੌਕ ਤੋਂ ਕੁਝ ਦੂਰੀ 'ਤੇ ਸਥਿਤ ਧੋਬੀ ਮੁਹੱਲਾ ਵਿਖੇ ਲੁਟੇਰੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਏ. ਟੀ. ਐੱਮ. ਨੂੰ ਨਿਸ਼ਾਨਾ ਬਣਾ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਏ. ਸੀ. ਪੀ. ਸੈਂਟਰਲ ਸਤਿੰਦਰ ਚੱਢਾ, ਥਾਣਾ ਨੰਬਰ 4 ਦੇ ਇੰਚਾਰਜ ਗੁਰਪ੍ਰੀਤ ਸਿੰਘ, ਪੁਲਸ ਪਾਰਟੀ ਅਤੇ ਫਿੰਗਰ ਪ੍ਰਿੰਟਸ ਐਕਸਪਰਟ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ ਪਰ ਨਤੀਜਾ ਸਿਫਰ ਹੀ ਨਿਕਲਿਆ। ਘਟਨਾ ਤੋਂ ਬਾਅਦ ਪੁਲਸ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ ਵਿਚ ਲੱਗੀ ਹੋਈ ਹੈ। 
ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਦੀ ਦੇਰ ਰਾਤ ਲੁਟੇਰਿਆਂ ਨੇ ਏ. ਟੀ. ਐੱਮ. ਦੀ ਫਰੰਟ ਸਾਈਡ ਗਰਿੱਲ ਕੱਟ ਦਿੱਤੀ, ਜਿਸ ਤੋਂ ਬਾਅਦ ਉਹ ਕੈਸ਼ ਬਾਕਸ ਨੂੰ ਕੱਟਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਤਦ ਏ. ਟੀ. ਐੱਮ. ਵਿਚ ਖੜਾਕੇ ਦੀ ਆਵਾਜ਼ ਸੁਣ ਕੇ ਇਕ ਔਰਤ ਨੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ। ਜਾਂਦੇ ਸਮੇਂ ਲੁਟੇਰੇ ਏ. ਟੀ. ਐੱਮ. ਵਿਚ ਲੱਗੇ ਕੈਮਰੇ ਵੀ ਤੋੜ ਗਏ। ਦੂਸਰੇ ਪਾਸੇ ਸੰਪਰਕ ਕਰਨ 'ਤੇ ਏ. ਸੀ. ਪੀ. ਸੈਂਟਰਲ ਸਤਿੰਦਰ ਚੱਢਾ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 
ਪੀ. ਸੀ. ਆਰ. ਦੀ ਕਾਰਗੁਜ਼ਾਰੀ ਸੁਸਤ, ਚੋਰ-ਲੁਟੇਰੇ ਚੁਸਤ
ਸ਼ਹਿਰ ਵਿਚ ਅਪਰਾਧੀਆਂ ਅਤੇ ਸ਼ੱਕੀ ਲੋਕਾਂ 'ਤੇ ਨਕੇਲ ਕੱਸਣ ਵਾਲਾ ਪੀ. ਸੀ. ਆਰ. ਦਸਤਾ ਅੱਜਕਲ ਬਿਲਕੁਲ ਸੁਸਤ ਦਿਸ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਪੀ. ਸੀ. ਆਰ. ਦੇ ਕਰੀਬ 40 ਮੋਟਰਸਾਈਕਲ ਅਤੇ 14 ਜੂਲੋ ਗੱਡੀਆਂ ਹਨ ਪਰ ਇਸਦੇ ਬਾਵਜੂਦ ਚੋਰ-ਲੁਟੇਰੇ ਦਿਨ-ਪ੍ਰਤੀ-ਦਿਨ ਘਟਨਾਵਾਂ ਨੂੰ ਅੰਜਾਮ ਦੇ ਕੇ ਸ਼ਹਿਰ ਤੋਂ ਫਰਾਰ ਹੋ ਰਹੇ ਹਨ, ਜਿਸ ਕਾਰਨ ਪੀ. ਸੀ. ਆਰ. ਦੀ ਕਾਰਗੁਜ਼ਾਰੀ ਸੁਸਤ ਅਤੇ ਚੋਰ-ਲੁਟੇਰੇ ਚੁਸਤ ਦਿਸ ਰਹੇ ਹਨ। 


Related News