ਲੁਟੇਰੇ ਕੈਸ਼ੀਅਰ ਤੋਂ 1 ਲੱਖ ਰੁਪਏ ਖੋਹ ਕੇ ਫਰਾਰ

08/18/2018 11:39:51 PM

ਜ਼ੀਰਾ, (ਗੁਰਮੇਲ)–ਪੁਰਾਣਾ ਤਲਵੰਡੀ ਰੋਡ ’ਤੇ ਸਥਿਤ ਬੈਂਕ ਆਫ ਇੰਡੀਆ ਦੀ ਸ਼ਾਖਾ ਜ਼ੀਰਾ ਨੇਡ਼ੇ ਇਕ ਕੰਪਨੀ ਦੇ ਕੈਸ਼ੀਅਰ ਤੋਂ 2 ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਇਕ ਲੱਖ ਰੁਪਏ ਖੋਹ ਕੇ ਫਰਾਰ ਹੋ ਗਏ।  ਇਸ ਸਬੰਧੀ  ਥਾਣਾ ਸਿਟੀ ਦੀ ਪੁਲਸ ਨੂੰ ਦਿੱਤੀ ਦਰਖਾਸਤ ’ਚ ਦਵਿੰਦਰ ਕੁਮਾਰ ਪੁੱਤਰ ਜਗਨਨਾਥ ਵਾਸੀ ਵਾਰਡ ਨੰ. 7 ਜ਼ੀਰਾ ਨੇ ਦੱਸਿਆ ਕਿ ਉਹ ਰੇਡੀਐਂਟ ਮੈਨੇਜਮੈਂਟ ਕੰਪਨੀ ਦਾ ਕੈਸ਼ੀਅਰ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਗਾਹਕਾਂ ਤੋਂ ਕੈਸ਼ ਦੀ ਉਗਰਾਹੀ ਕਰ ਕੇ ਬੈਂਕ ਆਫ ਇੰਡੀਆ ’ਚ ਕੈਸ਼ ਜਮ੍ਹਾ ਕਰਵਾਉਣ ਆਇਆ ਸੀ। ਜਦ ਉਹ ਬੈਂਕ ਵੱਲ ਨੂੰ ਜਾ ਰਿਹਾ ਸੀ ਤਾਂ ਬੈਂਕ ਤੋਂ ਥੋਡ਼੍ਹੀ ਦੂਰ ਹੀ 3 ਵਿਅਕਤੀਆਂ ਜੋ ਕਿ ਮੋਟਰਸਾਈਕਲਾਂ ’ਤੇ ਸਵਾਰ ਸਨ, ਨੇ ਉਸ ਦੀ ਕੁੱਟ-ਮਾਰ ਕੀਤੀ ਤੇ ਉਸ ਕੋਲੋਂ ਬੈਗ ਖੋਹ ਕੇ ਫਰਾਰ ਹੋ ਗਏ, ਜਿਸ ’ਚ ਇਕ ਲੱਖ ਰੁਪਏ ਸਨ। ਇਸ ਸਬੰਧੀ ਜਦ ਐੱਸ. ਐੱਚ. ਓ. ਥਾਣਾ ਸਿਟੀ ਦਵਿੰਦਰ ਕੁਮਾਰ ਸ਼ਰਮਾ ਨਾਲ ਸੰਪਰਕ ਕੀਤੀ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਸਰਗਰਮੀ ਨਾਲ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ, ਜਲਦੀ ਹੀ ਚੋਰ ਕਾਬੂ ਕਰ ਲਏ ਜਾਣਗੇ।