ਤਰਨਤਾਰਨ ਜ਼ਿਲ੍ਹੇ ''ਚ ਬੇਖੌਫ਼ ਲੁਟੇਰੇ, ਘਰ ਦੇ ਸਾਹਮਣੇ ਹੋਈ ਵੱਡੀ ਵਾਰਦਾਤ

11/22/2020 6:21:42 PM

ਵਲਟੋਹਾ (ਬਲਜੀਤ ਸਿੰਘ) : ਥਾਣਾ ਵਲਟੋਹਾ ਅਧੀਨ ਪੈਂਦੇ ਕਸਬਾ ਅਲਗੋਂ ਕੋਠੀ ਵਿਖੇ ਲੁੱਟਾਂ ਖੋਹਾਂ ਅਤੇ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹੀ ਹੀ ਇਕ ਵਾਰਦਾਤ ਸਾਹਮਣੇ ਆਈ ਹੈ ਕਸਬਾ ਅਲਗੋਂ ਕੋਠੀ ਤੋਂ ਜਿਥੇ ਕਿ ਇਕ ਔਰਤ ਆਪਣੇ ਘਰ ਵਿਚ ਵੜਨ ਲੱਗੀ ਤਾਂ ਪਿੱਛੋਂ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ 'ਚੋਂ ਇਕ ਨੇ ਉਸ ਦੀਆਂ ਅੱਖਾਂ ਬੰਦ ਕਰਕੇ ਉਸ ਦੇ ਕੰਨਾਂ 'ਚ ਪਾਈਆਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਅਤੇ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਛਿੰਦਰ ਕੌਰ ਪਤਨੀ ਜਗਤਾਰ ਸਿੰਘ ਵਾਸੀ ਅਲਗੋ ਕੋਠੀ ਨੇ ਦੱਸਿਆ ਕਿ ਉਹ ਬਾਜ਼ਾਰ ਤੋਂ ਕੋਈ ਸਾਮਾਨ ਖ਼ਰੀਦ ਕੇ ਆਪਣੇ ਘਰ ਆ ਰਹੀ ਸੀ ਜਦੋਂ ਉਹ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਣ ਲੱਗੀ ਤਾਂ ਮਗਰੋਂ ਇਕ ਵਿਅਕਤੀ ਆਇਆ ਜਿਸਨੇ ਉਸ ਦੀਆਂ ਦੋਵੇਂ ਅੱਖਾਂ ਬੰਦ ਕਰਕੇ ਉਸ ਦੀਆਂ ਦੋਵੇਂ ਵਾਲੀਆਂ ਲੈ ਕੇ ਮੋਟਰਸਾਈਕਲ 'ਤੇ ਬੈਠ ਕੇ ਫ਼ਰਾਰ ਹੋ ਗਿਆ। ਜਿਸ ਦਾ ਉਨ੍ਹਾਂ ਵੱਲੋਂ ਪਿੱਛਾ ਵੀ ਕੀਤਾ ਗਿਆ ਪਰ ਉਕਤ ਵਿਅਕਤੀ ਮੌਕੇ ਤੋਂ ਫ਼ਰਾਰ ਹੋਣ ਵਿਚ ਸਫਲ ਹੋ ਗਏ।

ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਵਾਰਦਾਤ ਸਾਡੇ ਗਵਾਂਢ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਪੀੜਤ ਔਰਤ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਲਿਖਤੀ ਸ਼ਿਕਾਇਤ ਪੁਲਸ ਚੌਕੀ ਅਲਗੋਂ ਕੋਠੀ ਵਿਚ ਦਿੱਤੀ ਗਈ ਹੈ ਪਰ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਸਬਾ ਅਲਗੋਂ ਕੋਠੀ ਦੀ ਪੁਲਸ ਚੌਂਕੀ ਵਿਚ ਕੋਈ ਇੰਚਾਰਜ ਨਹੀਂ ਹੈ ਇਹ ਪੁਲਸ ਚੌਕੀ ਸਿਰਫ਼ ਰੱਬ ਆਸਰੇ ਹੀ ਚੱਲ ਰਹੀ ਹੈ ਜਿਸ ਕਾਰਨ ਇਸ ਇਲਾਕੇ ਵਿਚ ਲੁੱਟਾਂ ਖੋਹਾਂ ਚੋਰੀ ਦੀਆਂ ਆਦਿ ਵਾਰਦਾਤਾਂ ਵੱਡੀ ਗਿਣਤੀ ਵਿਚ ਵੱਧ ਰਹੀਆਂ ਹਨ ਜਿਸ ਕਰਕੇ ਕਸਬਾ ਅਲਗੋਕੋਠੀ ਵਾਸੀਆਂ ਨੇ ਜ਼ਿਲ੍ਹਾ ਤਰਨਤਾਰਨ ਦੇ ਐੱਸ. ਐੱਸ. ਪੀ. ਤੋਂ ਮੰਗ ਕੀਤੀ ਹੈ ਕਸਬਾ ਅਲਗੋਂ ਕੋਠੀ ਪੁਲਸ ਚੌਂਕੀ ਵਿਚ ਇੰਚਾਰਜ ਲਾਇਆ ਜਾਵੇ ਤਾਂ ਜੋ ਲੁੱਟਾਂ-ਖੋਹਾਂ ਚੋਰੀਆਂ ਦੀਆਂ ਵਾਰਦਾਤਾਂ ਤੇ ਨਕੇਲ ਲੱਗ ਸਕੇ।

ਇਸ ਸਬੰਧੀ ਜਦੋਂ ਥਾਣਾ ਵਲਟੋਹਾ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਧਾਲੀਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਪੁਲਸ ਵੱਲੋਂ ਸਖ਼ਤੀ ਨਾਲ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਪੁਲਸ ਚੌਕੀ ਅਲਗੋਂ ਕੋਠੀ ਵਿਖੇ ਵੀ ਇੰਚਾਰਜ ਜਲਦ ਹੀ ਲਾ ਦਿੱਤਾ ਜਾਵੇਗਾ।

Gurminder Singh

This news is Content Editor Gurminder Singh