ਫ਼ਿਰੋਜ਼ਪੁਰ ਛਾਉਣੀ ਦੇ ਮੁੱਖ ਮਾਰਗ ’ਤੇ ਕਿਸਾਨਾਂ ਨੇ ਕੀਤਾ ਚੱਕਾ ਜਾਮ, ਸਾਰੇ ਰਸਤੇ ਬੰਦ

02/06/2021 3:22:06 PM

ਫਿਰੋਜ਼ਪੁਰ (ਕੁਮਾਰ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਅੱਜ ਸੰਯੁਕਤ ਕਿਸਾਨ ਮੋਰਚਾ ਵਲੋਂ ਰਾਸ਼ਟਰ ਵਿਆਪੀ ਚੱਕਾ ਜਾਮ ਕਰਨ ਦੀ ਦਿੱਤੀ ਗਈ ਕਾਲ ਤੇ ਫਿਰੋਜ਼ਪੁਰ ਦੇ ਕਿਸਾਨ ਸੰਗਠਨਾਂ ਅਤੇ ਉਨ੍ਹਾਂ ਦੇ ਸਹਿਯੋਗੀ ਸੰਗਠਨਾਂ ਨੇ ਫਿਰੋਜ਼ਪੁਰ ਛਾਉਣੀ ਦੀ ਚੁੰਗੀ ਨੰਬਰ ਨੰ 7 ਤੇ ਸ਼ਾਂਤੀਪੂਰਵਕ ਧਰਨਾ ਲਗਾਇਆ ਤੇ ਚੱਕਾ ਜਾਮ ਕਰਦੇ ਮੁੱਖ ਮਾਰਗ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ।

ਇਸ ਧਰਨੇ ਨੂੰ ਲੈ ਕੇ ਪੁਲਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਚੱਕਾ ਜਾਮ ਹੋਣ ਨਾਲ ਫ਼ਿਰੋਜ਼ਪੁਰ-ਜਲੰਧਰ, ਫ਼ਿਰੋਜ਼ਪੁਰ-ਲੁਧਿਆਣਾ, ਫ਼ਿਰੋਜ਼ਪੁਰ-ਫ਼ਰੀਦਕੋਟ ਕੋਟਕਪੂਰਾ, ਬਠਿੰਡਾ, ਫਿਰੋਜ਼ਪੁਰ-ਫ਼ਾਜ਼ਿਲਕਾ ਅਬੋਹਰ ਗੰਗਾਨਗਰ ਰੋਡ ਆਦਿ ਸੜਕਾਂ ਤੇ ਮੁਕੰਮਲ ਤੌਰ ਤੇ ਆਵਾਜਾਈ ਬੰਦ ਰਹੀ ਅਤੇ ਫਿਰੋਜ਼ਪੁਰ ਤੋਂ ਬਾਹਰ ਆਉਣ-ਜਾਣ  ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸ ਮੌਕੇ ਕਿਸਾਨ ਜਥੇਬੰਦੀਆਂ, ਕਰਮਚਾਰੀਆਂ ਅਤੇ ਪੈਨਸ਼ਨਰ ਸੰਗਠਨ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿਚ ਨਹੀਂ ਹਨ ਅਤੇ ਕਾਨੂੰਨ ਤੁਰੰਤ ਰੱਦ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਆਪਣੇ ਹੰਕਾਰ ਦੇ ਚੱਲਦੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਦੇ ਅੱਗੇ ਨਹੀਂ ਵਧ ਰਹੇ।

ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਪਰਿਵਾਰਾਂ ਨਾਲ ਦਿੱਲੀ  ਦੀਆਂ ਸੜਕਾਂ ਤੇ ਕੜਾਕੇ ਦੀ ਠੰਡ ਵਿੱਚ ਬੈਠੇ ਹਨ ਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸ਼ਾਂਤੀਪੂਰਵਕ ਅੰਦੋਲਨ ਕਰ ਰਹੇ ਹਨ, ਪਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਕੇਂਦਰ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਨੂੰ ਫੇਲ੍ਹ ਕਰਨ ਲਈ ਘਟੀਆ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅੜੀਅਲ ਰਵੱਈਆ ਛੱਡ ਕੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ ਅਤੇ ਕਿਸਾਨਾਂ ਦੇ ਖ਼ਿਲਾਫ਼ ਦਰਜ ਕੀਤੇ ਸਾਰੇ ਝੂਠੇ ਮੁਕਦਮੇ ਰੱਦ ਕਰਦੇ ਹੋਏ, ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਕਿਸਾਨ ਅੰਦੋਲਨ ਦੌਰਾਨ ਸੈਂਕੜੇ ਕਿਸਾਨ ਭੇਤਭਰੀ ਹਾਲਤ ਵਿੱਚ ਲਾਪਤਾ ਹਨ ਉਨ੍ਹਾਂ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

Shyna

This news is Content Editor Shyna