ਨਾਜਾਇਜ਼ ਕਬਜ਼ਿਆਂ ਦੀ ਭੇਟ ਚੜ੍ਹੀਆਂ ਸੜਕਾਂ

11/18/2017 1:06:14 AM

ਨਵਾਂਸ਼ਹਿਰ, (ਮਨੋਰੰਜਨ)- ਸ਼ਹਿਰ ਦੇ ਵਧੇਰੇ ਬਾਜ਼ਾਰਾਂ 'ਚ ਦੁਕਾਨਦਾਰਾਂ ਨੇ ਦੁਕਾਨਾਂ ਦੇ ਬਾਹਰ ਸੜਕ 'ਤੇ ਸਾਮਾਨ ਸਜਾ ਕੇ ਕਬਜ਼ੇ ਕੀਤੇ ਹੋਏ ਹਨ, ਜਿਸ ਕਾਰਨ ਪੈਦਲ ਚੱਲਣ ਵਾਲਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦਕਿ ਇਸ ਸੰਬੰਧੀ ਨਗਰ ਕੌਂਸਲ ਤੇ ਟ੍ਰੈਫਿਕ ਪੁਲਸ ਮੂਕਦਰਸ਼ਕ ਬਣੀ ਹੋਈ ਹੈ।
ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਹੋਣ ਨਾਲ ਜਨਹਿੱਤ ਲਈ ਦਿੱਤੀਆਂ ਜਾਣ ਵਾਲੀਆਂ ਸਰਕਾਰੀ ਯੋਜਨਾਵਾਂ ਵਿਚ ਮੁਸ਼ਕਿਲਾਂ ਖੜ੍ਹੀਆਂ ਹੋ ਜਾਂਦੀਆਂ ਹਨ। ਦੂਜੇ ਪਾਸੇ, ਬਾਜ਼ਾਰ 'ਚ ਸਾਮਾਨ ਖਰੀਦਣ ਆਏ ਲੋਕ ਆਪਣੇ ਸਕੂਟਰ, ਮੋਟਰਸਾਈਕਲ ਆਦਿ ਬਾਜ਼ਾਰਾਂ 'ਚ ਹੀ ਖੜ੍ਹੇ ਕਰ ਦਿੰਦੇ ਹਨ, ਜਿਸ ਕਾਰਨ ਅਕਸਰ ਸੜਕ 'ਤੇ ਆਵਾਜਾਈ ਪੂਰੀ ਤਰ੍ਹਾਂ ਜਾਮ ਹੋ ਜਾਂਦੀ ਹੈ। ਸਿਵਲ ਹਸਪਤਾਲ ਸੇਵਾ ਸੁਸਾਇਟੀ ਦੇ ਪ੍ਰਧਾਨ ਬਲਦੇਵ ਰਾਜ ਮਾਹੀ ਨੇ ਦੱਸਿਆ ਕਿ ਸਭ ਤੋਂ ਮਾੜਾ ਹਾਲ ਤਾਰਾ ਆਈਸ ਫੈਕਟਰੀ ਰੋਡ ਤੇ ਗੀਤਾ ਭਵਨ ਰੋਡ ਦਾ ਹੈ, ਜਿਥੇ ਰਾਹਗੀਰਾਂ ਤੇ ਦੁਕਾਨਦਾਰਾਂ 'ਚ ਨਾਜਾਇਜ਼ ਕਬਜ਼ਿਆਂ ਕਾਰਨ ਅਕਸਰ ਝਗੜਾ ਹੁੰਦਾ ਰਹਿੰਦਾ ਹੈ।
ਤਾਰਾ ਆਈਸ ਫੈਕਟਰੀ ਰੋਡ ਤੇ ਗੀਤਾ ਭਵਨ ਰੋਡ ਦੇ ਕੰਢੇ ਸ਼ੋਅ ਰੂਮ ਤੇ ਦੁਕਾਨਾਂ ਦੇ ਅੱਗੇ ਨਾਜਾਇਜ਼ ਕਬਜ਼ੇ ਹੋਣ ਨਾਲ ਲੋਕਾਂ ਨੂੰ ਵਾਹਨ ਖੜ੍ਹੇ ਕਰਨ ਵਿਚ ਵੀ ਦਿੱਕਤ ਹੁੰਦੀ ਹੈ। ਲੋਕਾਂ ਨੂੰ ਰੋਡ 'ਤੇ ਹੀ ਆਪਣੇ ਵਾਹਨ ਖੜ੍ਹੇ ਕਰਨੇ ਪੈਂਦੇ ਹਨ। ਸਰਕਾਰੀ ਜ਼ਮੀਨ ਦੀ ਪੂਰੀ ਤਰ੍ਹਾਂ ਕਮਰਸ਼ੀਅਲ ਵਰਤੋਂ ਕੀਤੀ ਜਾ ਰਹੀ ਹੈ। ਨਗਰ ਕੌਂਸਲ ਵੱਲੋਂ ਦੋ-ਚਾਰ ਮਹੀਨਿਆਂ ਬਾਅਦ ਖਾਨਾਪੂਰਤੀ ਲਈ ਨਾਮਾਤਰ ਕਾਰਵਾਈ ਕੀਤੀ ਜਾਂਦੀ ਹੈ, ਜਿਸ ਮਗਰੋਂ ਦੁਕਾਨਦਾਰ ਫਿਰ ਸੜਕ 'ਤੇ ਹੀ ਸਾਮਾਨ ਸਜਾ ਲੈਂਦੇ ਹਨ। ਇਸ ਸੰਬੰਧੀ ਡੀ. ਐੱਸ. ਪੀ. ਸਿਟੀ ਮੁਖਤਿਆਰ ਰਾਏ ਦਾ ਕਹਿਣਾ ਹੈ ਕਿ ਨਾਜਾਇਜ਼ ਕਬਜ਼ਿਆਂ ਸੰਬੰਧੀ ਨਗਰ ਕੌਂਸਲ ਨੂੰ ਇਸ 'ਤੇ ਕੰਮ ਕਰਨਾ ਹੋਵੇਗਾ। ਜੇਕਰ ਇਹ ਸਾਨੂੰ ਫੋਰਸ ਤੇ ਪੁਲਸ ਸੁਰੱਖਿਆ ਲਈ ਕਹਿਣਗੇ ਤਾਂ ਅਸੀਂ ਮੁਹੱਈਆ ਕਰਵਾਵਾਂਗੇ।