ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸ਼ਹਿਰ ਦੀਆਂ ਸੜਕਾਂ 'ਤੇ ਪੁੱਟੇ ਜਾ ਰਹੇ 'ਮੌਤ ਦੇ ਖੱਡੇ'

11/05/2018 11:14:18 AM

ਜਲੰਧਰ (ਗੁਲਸ਼ਨ)— ਪਿਛਲੇ ਕੁਝ ਦਿਨਾਂ ਤੋਂ ਟੈਲੀਫੋਨ ਕੰਪਨੀ ਦੀ ਕੇਬਲ ਪਾਉਣ ਲਈ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਖੱਡੇ ਪੁੱਟੇ ਜਾ ਰਹੇ ਹਨ, ਜੋ ਕਿ ਕਿਸੇ ਰਾਹਗੀਰ ਲਈ ਮੌਤ ਦਾ ਸਬੱਬ ਬਣ ਸਕਦੇ ਹਨ। ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਦਾ ਲਾਭ ਲੈ ਕੇ ਕੰਪਨੀ ਦੇ ਕਰਿੰਦਿਆਂ ਨੇ ਲਾਡੋਵਾਲੀ ਰੋਡ 'ਤੇ ਥਾਂ-ਥਾਂ ਡੂੰਘੇ ਖੱਡੇ ਪੁੱਟ ਦਿੱਤੇ। ਇਹ ਸਾਰਾ ਕੰਮ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤਾ ਜਾ ਰਿਹਾ ਹੈ ਪਰ ਬਾਵਜੂਦ ਇਸ ਦੇ ਨਿਗਮ ਅਧਿਕਾਰੀ ਅੱਖਾਂ ਬੰਦ ਕਰਕੇ ਕਿਸੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਹਨ। ਨਗਰ ਨਿਗਮ ਦੇ ਮੇਅਰ ਜਗਦੀਸ਼ ਰਾਜ ਰਾਜਾ ਨੇ ਕੁਝ ਦਿਨ ਪਹਿਲਾਂ ਹੀ ਸਪੱਸ਼ਟ ਕੀਤਾ ਸੀ ਕਿ ਕਿਸੇ ਵੀ ਟੈਲੀਫੋਨ ਕੰਪਨੀ ਨੂੰ ਸ਼ਹਿਰ ਦੀਆਂ ਸੜਕਾਂ ਤੋੜ ਕੇ ਕੇਬਲ ਪਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਕਿਉਂਕਿ ਇਸ ਲਈ ਹਾਊਸ 'ਚ ਮਤਾ ਪਾਸ ਕੀਤਾ ਜਾਂਦਾ ਹੈ।

ਜਗ ਬਾਣੀ ਵੱਲੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਤਾਂ ਕੰਪਨੀ ਵੱਲੋਂ ਕੇਬਲ ਪਾਉਣ ਦਾ ਕੰਮ ਰੋਕ ਦਿੱਤਾ ਗਿਆ ਪਰ ਹੁਣ ਨਿਗਮ ਅਧਿਕਾਰੀਆਂ ਵੱਲੋਂ ਇਸ ਵੱਲ ਧਿਆਨ ਨਾ ਦੇਣ ਅਤੇ ਛੁੱਟੀਆਂ ਦਾ ਲਾਭ ਲੈ ਕੇ ਕੰਪਨੀ ਨੇ ਫਿਰ ਤੋਂ ਖੱਡੇ ਪੁੱਟਣ ਦਾ ਕੰਮ ਤੇਜ਼ ਕਰ ਦਿੱਤਾ ਹੈ, ਜਿਸ ਕਾਰਨ ਨਿਗਮ ਅਧਿਕਾਰੀਆਂ ਦੀ ਭੂਮਿਕਾ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ। ਹਾਲਾਂਕਿ ਨਗਰ ਨਿਗਮ ਦੇ ਐੱਸ. ਡੀ. ਓ. ਗੁਰਾ ਦਾਸ ਦਾ ਕਹਿਣਾ ਹੈ ਕਿ ਟੈਲੀਫੋਨ ਕੰਪਨੀ ਨੂੰ ਕੇਬਲ ਪਾਉਣ ਲਈ ਮਨਜ਼ੂਰੀ ਜਾਰੀ ਕੀਤੀ ਗਈ ਹੈ ਪਰ ਇਸ ਬਾਰੇ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਨਾ ਹੋਣਾ ਇਕ ਵੱਡਾ ਸਵਾਲ ਹੈ।

ਉਥੇ ਜਾਣਕਾਰਾਂ ਦਾ ਕਹਿਣਾ ਹੈ ਕਿ ਨਿਗਮ ਵਲੋਂ ਕੇਬਲ ਪਾਉਣ ਵਾਲੀ ਕੰਪਨੀ ਨੂੰ ਕੱਚੀਆਂ ਸੜਕਾਂ 'ਤੇ ਖੱਡੇ ਪੁੱਟਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਪਰ ਉਹ ਇਸ ਮਨਜ਼ੂਰੀ ਦੀ ਆੜ 'ਚ ਪੱਕੀਆਂ ਸੜਕਾਂ ਨੂੰ ਤੋੜ ਦਿੰਦੇ ਹਨ। ਪੱਕੀ ਸੜਕ ਅਤੇ ਕੱਚੀ ਜਗ੍ਹਾ 'ਤੇ ਖੱਡਾ ਪੁੱਟਣ ਦੀ ਫੀਸ 'ਚ ਭਾਰੀ ਅੰਤਰ ਹੈ। ਆਰ. ਟੀ. ਆਈ. ਐਕਟੀਵਿਸਟ ਰਾਜੀਵ ਸ਼ਰਮਾ ਨੇ ਕਿਹਾ ਕਿ ਇਸ ਬਾਰੇ ਨਿਗਮ ਅਧਿਕਾਰੀਆਂ ਤੋਂ ਆਰ. ਟੀ. ਆਈ. ਕੋਲੋਂ ਪੁੱਛਿਆ ਜਾਵੇਗਾ ਕਿ ਕਿਸ ਆਧਾਰ 'ਤੇ ਕੰਪਨੀ ਨੂੰ ਪਰਮਿਸ਼ਨ ਦਿੱਤੀ ਗਈ ਹੈ ਅਤੇ ਇਸ ਕੰਮ ਲਈ ਕਿੰਨੇ ਪੈਸੇ ਜਮ੍ਹਾ ਕਰਵਾਏ ਗਏ ਹਨ।