ਸੜਕਾਂ ਬਣਾਉਣ ਲਈ ਵਰਤੀ ਜਾ ਰਹੀ ਘਟੀਆ ਸਮੱਗਰੀ: ਕਾਲੋਨੀ ਵਾਸੀ

04/18/2018 11:22:25 AM

ਜਲੰਧਰ (ਵਰਿਆਣਾ)— ਵਾਰਡ ਨੰਬਰ 79 ਅਧੀਨ ਆਉਂਦੀ ਵਿਵੇਕਾਨੰਦ ਪਾਰਕ ਕਾਲੋਨੀ 'ਚ ਸੜਕਾਂ ਤਸੱਲੀਬਖਸ਼ ਨਾ ਬਣਾਉਣ ਦੇ ਮੁਹੱਲਾ ਵਾਸੀਆਂ ਨੇ ਨਗਰ ਨਿਗਮ ਅਤੇ ਠੇਕੇਦਾਰ ਦੋਵਾਂ 'ਤੇ ਦੋਸ਼ ਲਗਾਏ। ਉਨ੍ਹਾਂ ਨੇ ਕਿਹਾ ਕਿ ਉਕਤ ਸੜਕਾਂ ਘਟੀਆ ਅਤੇ ਘੱਟ ਮਟੀਰੀਅਲ ਨਾਲ ਬਣਾਈਆਂ ਜਾ ਰਹੀਆਂ ਹਨ, ਜਿਸ ਕਰਕੇ ਥੋੜ੍ਹੀ ਜਿਹੀ ਬਰਸਾਤ ਕਾਰਨ ਟੁੱਟ ਸਕਦੀਆਂ ਹਨ। ਰੋਸ ਪ੍ਰਗਟਾਉਂਦਿਆਂ ਕਾਲੋਨੀ ਵਾਸੀਆਂ ਮੇਜਰ ਪ੍ਰੀਤਮ ਸਿੰਘ, ਪਰਮਜੀਤ ਸਿੰਘ ਜੇ. ਪੀ., ਤਜਿੰਦਰ ਸਿੰਘ, ਅਮਰਜੀਤ ਸਿੰਘ, ਆਸ਼ੀਸ਼ ਸ਼ਰਮਾ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਕਾਲੋਨੀ 'ਚ ਸੜਕਾਂ ਬਣਾਉਣ ਸਮੇਂ ਅਣਗਹਿਲੀ ਵਰਤੀ ਜਾ ਰਹੀ ਹੈ, ਕਈ ਥਾਵਾਂ 'ਤੇ ਲੁੱਕ ਅਤੇ ਬੱਜਰੀ ਦੀ ਮੋਟੀ ਪਰਤ ਨਹੀਂ ਪਾਈ ਜਾ ਰਹੀ, ਜਿਸ ਕਾਰਨ ਕੁਝ ਹੀ ਸਮੇਂ ਬਾਅਦ ਉਕਤ ਸੜਕਾਂ ਟੁੱਟ ਜਾਣਗੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਸੜਕਾਂ 'ਚ ਵਰਤੇ ਗਏ ਮਟੀਰੀਅਲ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸੜਕਾਂ ਨੂੰ ਸੁਚੱਜੇ ਢੰਗ ਨਾਲ ਪੂਰਾ ਮਟੀਰੀਅਲ ਪਾ ਕੇ ਬਣਾਇਆ ਜਾਵੇ ।
'ਵਾਪਰ ਸਕਦੇ ਹਨ ਹਾਦਸੇ' : ਉਧਰ ਇਸ ਸਬੰਧੀ ਮੌਕੇ 'ਤੇ ਆਏ ਕੌਂਸਲਰ ਪਤੀ ਗੁਰਦੀਪ ਸਿੰਘ ਨਾਗਰਾ ਨੇ ਦੱਸਿਆ ਕਿ ਜੋ ਸੜਕਾਂ ਵਿਵੇਕਾਨੰਦ ਪਾਰਕ ਕਾਲੋਨੀ ਵਿਚ ਬਣਾਈਆਂ ਜਾ ਰਹੀਆਂ ਹਨ, ਉਹ ਤਸੱਲੀਬਖਸ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਘਟੀਆ ਸੜਕਾਂ 'ਚ ਜਲਦ ਹੀ ਟੋਏ ਪੈ ਸਕਦੇ ਹਨ, ਜਿਸ ਕਾਰਨ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਠੇਕੇਦਾਰ ਨੂੰ ਚਾਹੀਦਾ ਹੈ ਕਿ ਉਹ ਸੁਚੱਜੇ ਢੰਗ ਨਾਲ ਸੜਕਾਂ ਬਣਾਵੇ। ਉਨ੍ਹਾਂ ਕਿਹਾ ਸੀ ਕਿ ਵਾਰਡ ਵਿਚ ਕੋਈ ਵੀ ਸੜਕ ਮਾੜੀ ਨਹੀਂ ਬਣਨ ਦਿੱਤੀ ਜਾਵੇਗੀ।
ਨਹੀਂ ਵਰਤੀ ਜਾ ਰਹੀ ਲਾਪ੍ਰਵਾਹੀ, ਲੋਕਾਂ ਦੀ ਪੂਰੀ ਤਸੱਲੀ ਕਰਵਾਈ ਜਾਵੇਗੀ : ਜੇ. ਈ., ਸੁਪਰਡੈਂਟ- ਉਧਰ ਇਸ ਸਬੰਧੀ ਸਬੰਧਿਤ ਵਿਭਾਗ ਦੇ ਜੇ. ਈ. ਤਰੁਣਪ੍ਰੀਤ ਸਿੰਘ ਅਤੇ ਸੁਪਰਡੈਂਟ ਬਲਬੀਰ ਦਾ ਕਹਿਣਾ ਸੀ ਕਿ ਹਦਾਇਤਾਂ ਅਨੁਸਾਰ ਅਸੀਂ ਪਲੇਨ ਲੁੱਕ ਅਤੇ ਬੱਜਰੀ ਦੀ ਪਰਤ ਪਾ ਰਹੇ ਹਾਂ। ਪੈਚ ਵਰਕ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਹੈ। ਜਿੱਥੇ ਮੋਟੀ ਪਰਤ ਦੀ ਲੋੜ ਹੈ ਉਥੇ ਮੋਟੀ ਪਰਤ ਪਾਈ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਫਿਰ ਵੀ ਜੇਕਰ ਕਿਧਰੇ ਕਿਸੇ ਨੂੰ ਸੜਕ ਬਣਾਉਣ ਸਮੇਂ ਕੋਈ ਘਾਟ ਦਿਖਾਈ ਦਿੰਦੀ ਹੈ ਤਾਂ ਉਸ ਨੂੰ ਜ਼ਰੂਰ ਪੂਰਾ ਕੀਤਾ ਜਾਵੇਗਾ। ਕਿਸੇ ਕਿਸਮ ਦੀ ਲਾਪ੍ਰਵਾਹੀ ਸੜਕ ਬਣਾਉਣ ਸਮੇਂ ਨਹੀਂ ਵਰਤੀ ਜਾਵੇਗੀ ।