ਭਿਆਨਕ ਸੜਕ ਹਾਦਸੇ ''ਚ ਚਾਚੇ-ਭਤੀਜੇ ਦੀ ਮੌਤ

09/24/2019 6:31:54 PM

ਸਮਾਣਾ,(ਦਰਦ) : ਸਮਾਣਾ-ਪਾਤੜਾਂ ਸੜਕ 'ਤੇ ਸਥਿਤ ਪਿੰਡ ਕਕਰਾਲਾ ਨੇੜੇ ਅੱਜ ਇਕ ਭਿਆਨਕ ਸੜਕ ਹਾਦਸੇ ਦੌਰਾਨ ਚਾਚੇ-ਭਤੀਜੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਿਕਅਪ ਤੇ ਟਰਾਲੇ ਦੀ ਟੱਕਰ ਦੌਰਾਨ ਚਾਚਾ-ਭਤੀਜਾ ਜ਼ਖਮੀ ਹੋ ਗਏ, ਜਿਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਪਟਿਆਲਾ ਰੈਫਰ ਕਰ ਦਿੱਤਾ। ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਦੌਰਾਨ ਹਾਦਸੇ 'ਚ ਪਿਕਅਪ 'ਚ ਲਿਆਂਦੀਆਂ ਜਾ ਰਹੀਆਂ 30 ਬੱਕਰੀਆਂ 'ਚੋਂ 10 ਬੱਕਰੀਆਂ ਵੀ ਮਰ ਗਈਆਂ। ਹਾਦਸੇ ਉਪਰੰਤ ਟਰਾਲੇ ਸਣੇ ਫਰਾਰ ਹੋਏ ਚਾਲਕ ਨੂੰ ਪਿੱਛੋਂ ਆ ਰਹੀ ਪਿਕਅਪ ਸਵਾਰ ਵਿਅਕਤੀਆਂ ਨੇ ਪਿੱਛਾ ਕਰ ਕੇ ਸਮਾਣਾ ਨੇੜੇ ਕਾਬੂ ਕਰ ਲਿਆ ਤੇ ਪੁਲਸ ਹਵਾਲੇ ਕਰ ਦਿੱਤਾ। ਸਿਵਲ ਹਸਪਤਾਲ 'ਚ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਉਣ ਪਹੁੰਚੇ ਸਬੰਧਤ ਪੁਲਸ ਚੌਕੀ ਮਵੀ ਕਲਾਂ ਦੇ ਇੰਚਾਰਜ ਗੁਰਪ੍ਰੀਤ ਸਿੰਘ ਤੇ ਮਾਮਲੇ ਦੇ ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਸਾਹਿਬ ਸਿੰਘ ਨੇ ਦੱਸਿਆ ਕਿ ਹਾਦਸੇ 'ਚ ਵਾਲ-ਵਾਲ ਬਚੇ ਪਿਕਅਪ ਚਾਲਕ ਤੀਰਾ ਰਾਮ ਦੇ ਬਿਆਨਾਂ ਅਨੁਸਾਰ ਪਿਕਅਪ ਸਵਾਰ ਸਾਰੇ ਇਕ ਹੀ ਪਰਿਵਾਰ ਨਾਲ ਸਬੰਧਤ ਹਨ। ਪੂਰਾ ਪਰਿਵਾਰ ਬੱਕਰੀਆਂ ਦੀ ਖਰੀਦੋ-ਫਰੋਖਤ ਦਾ ਕੰਮ ਕਰਦਾ ਹੈ। ਜੋ ਕਿ ਰਾਜਸਥਾਨ ਦੇ ਵਿਜੇਨਗਰ ਤੋਂ ਬੱਕਰੀਆਂ ਲਿਆ ਕੇ ਅੰਬਾਲਾ ਵਿਖੇ ਵੇਚਣ ਲਈ ਪਿਕਅਪ 'ਚ ਜਾ ਰਹੇ ਸਨ। ਸਟੇਟ ਹਾਈਵੇ 10 ਤੇ ਪਿੰਡ ਕਕਰਾਲਾ ਨੇੜੇ ਮੰਗਲਵਾਰ ਸਵੇਰੇ 1.30 ਵਜੇ ਸੜਕ ਦੇ ਇਕ ਪਾਸੇ ਪਿਕਅਪ ਖੜ੍ਹੀ ਕਰ ਕੇ ਜਦੋਂ ਉਹ ਟਾਇਰ ਬਦਲ ਰਹੇ ਸਨ ਤਾਂ ਇਸ ਦੌਰਾਨ ਪਿੱਛੋਂ ਆ ਰਹੇ ਇੱਟਾਂ ਨਾਲ ਭਰੇ ਟਰਾਲੇ ਨੇ ਪਿਕਅਪ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਰਿੰਕੂ (22) ਪੁੱਤਰ ਬਾਲਾ ਨਿਵਾਸੀ ਪਿੰਡ ਸਾਧਨਵਾਸ ਜਾਖਲ (ਹਰਿਆਣਾ) ਤੇ ਉਸ ਦਾ ਚਾਚਾ ਬਾਬੂ ਰਾਮ (60) ਪੁੱਤਰ ਹਰੀ ਚੰਦ ਭੜੋਲਾਵਾਲ, ਫਤਿਆਬਾਦ (ਹਰਿਆਣਾ) ਦੀ ਮੌਤ ਹੋ ਗਈ। ਸੁਖਦੇਵ ਪੁੱਤਰ ਭੂਰਾ ਨਿਵਾਸੀ ਸਾਧਨਵਾਸ ਤੇ ਨਾਥੂ ਰਾਮ ਪੁੱਤਰ ਦੇਸ ਰਾਜ ਨਿਵਾਸੀ ਭੜੋਲਾਬਾਲ ਜ਼ਖ਼ਮੀ ਹੋ ਗਏ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਟਰਾਲਾ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਸ ਵਲੋਂ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ।