ਸੜਕ ਹਾਦਸੇ 'ਚ ਜ਼ਖਮੀ ਹੋਈ ਮਾਸਟਰ ਸਲੀਮ ਦੀ ਭਾਬੀ ਨੇ ਤੋੜਿਆ ਦਮ

09/18/2019 7:02:58 PM

ਜਲੰਧਰ (ਸੋਨੂੰ)— ਸ੍ਰੀ ਗੁਰੂ ਰਵਿਦਾਸ ਚੌਕ ਨੇੜੇ ਨਾਰੀ ਨਿਕੇਤਨ ਦੇ ਸਾਹਮਣੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਜ਼ਖਮੀ ਹੋਈ ਮਾਸਟਰ ਸਲੀਮ ਦੀ ਭਾਬੀ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਦੱਸ ਦੇਈਏ ਕਿ ਇਹ ਭਿਆਨਕ ਹਾਦਸਾ ਅੱਜ ਰਵਿਦਾਸ ਚੌਕ ਨੇੜੇ ਪੈਂਦੇ ਨਾਰੀ ਨਿਕੇਤਨ ਨੇੜੇ ਟਿੱਪਰ ਅਤੇ ਬਾਈਕ ਦੀ ਜ਼ਬਰਦਸਤ ਟੱਕਰ ਹੋਣ ਕਰਕੇ ਵਾਪਰਿਆ ਸੀ।

ਇਸ ਹਾਦਸੇ 'ਚ  ਮਸ਼ਹੂਰ ਗਾਇਕ ਮਾਸਟਰ ਸਲੀਮ ਦੀ ਭਾਬੀ ਪ੍ਰਵੀਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ, ਜਿਸ ਨੂੰ ਮੌਕੇ 'ਤੇ ਨੇੜੇ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇਥੇ ਇਲਾਜ ਅਧੀਨ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਮਾਸਟਰ ਸਲੀਮ ਦੇ ਭਾਬੀ ਨੇ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਟਿੱਪਰ ਚਾਲਕ ਇਕ ਮਹਿਲਾ ਨੂੰ ਦੂਰ ਤੱਕ ਘੜੀਸਦਾ ਲੈ ਗਿਆ ਸੀ।

ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੇ ਦੱਸਿਆ ਦੁਪਹਿਰ ਢਾਈ ਵਜੇ ਦੇ ਕਰੀਬ ਪ੍ਰਵੀਨ ਆਪਣੇ ਪਿਤਾ ਮਨੋਹਰ ਲਾਲ ਨਾਲ ਇਕ ਨਿੱਜੀ ਹਸਪਤਾਲ 'ਚ ਜਾ ਰਹੀ ਸੀ। ਜਿੱਥੇ ਰਾਹ 'ਚ ਨਾਰੀ ਨਿਕੇਤਨ ਦੇ ਸਾਹਮਣੇ ਆਉਂਦੇ ਹੀ ਜਿਉਂ ਉਨ੍ਹਾਂ ਨੇ ਯੂ-ਟਰਨ ਲਿਆ ਤਾਂ ਸਾਹਮਣੇ ਆ ਰਹੇ ਤੇਜ਼ ਰਫਤਾਰ ਟਿੱਪਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਟੱਕਰ ਤੋਂ ਬਾਅਦ ਪਿਤਾ ਮਨੋਹਰ ਲਾਲ ਇਕ ਸਾਈਡ 'ਤੇ ਡਿੱਗ ਗਏ, ਜਦਕਿ ਪ੍ਰਵੀਨ ਨੂੰ ਟਿੱਪਰ ਦਾ ਅਗਲਾ ਟਾਇਰ ਘੜੀਸਦਾ ਲੈ ਗਿਆ। ਹਾਦਸੇ ਦੌਰਾਨ ਪਿਤਾ ਮਨੋਹਰ ਲਾਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਦੋਵਾਂ ਨੂੰ ਨਿੱਜੀ ਹਸਪਤਾਲ ਲੈ ਗਏ, ਜਿੱਥੇ ਪ੍ਰਵੀਨ ਨੂੰ ਸਤਿਅਮ ਹਸਪਤਾਲ ਰੈਫਰ ਕਰ ਦਿੱਤਾ ਅਤੇ ਇਲਾਜ ਦੌਰਾਨ ਪ੍ਰਵੀਨ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮਾਸਟਰ ਸਲੀਮ ਦੇ ਪੂਰੇ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ। ਹਸਪਤਾਲ 'ਚ ਦਮ ਤੋੜਨ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਿਤ ਕੀਤਾ। ਥਾਣਾ ਨੰ. 6 ਦੀ ਪੁਲਸ ਨੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਮੁਲਜ਼ਮ ਟਿੱਪਰ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ। ਜਿੱਥੇ ਮਾਮਲੇ ਨੂੰ ਲੈ ਕੇ ਪੁਲਸ ਨੇ ਮੁਲਜ਼ਮ ਟਿੱਪਰ ਚਾਲਕ ਦੀ ਭਾਲ 'ਚ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ।

 

shivani attri

This news is Content Editor shivani attri