ਤੇਜ਼ ਰਫਤਾਰ ਬਲੈਰੋ ਨੇ 2 ਮੁਲਾਜ਼ਮਾਂ ਨੂੰ ਮਾਰੀ ਫੇਟ, ਇਕ ਦੀ ਮੌਤ

08/03/2019 8:19:38 PM

ਰੂਪਨਗਰ/ਘਨੌਲੀ, (ਵਿਜੇ/ਸ਼ਰਮਾ): ਸ਼ਹਿਰ 'ਚ ਅੱਜ ਤੇਜ਼ ਰਫਤਾਰ ਜੀਪ ਨੇ 2 ਹਿਮਾਚਲ ਰੋਡਵੇਜ਼ ਦੇ ਮੁਲਾਜ਼ਮਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਮੁਲਾਜ਼ਮ ਦੀ ਮੌਤ ਹੋ ਗਈ ਤੇ ਦੂਜਾ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਅੱਜ ਕਰੀਬ ਸਵੇਰੇ 9.30 ਵਜੇ ਹਿਮਾਚਲ ਰੋਡਵੇਜ਼ ਦੇ 2 ਮੁਲਾਜ਼ਮ ਤਾਰਾ ਚੰਦ ਤੇ ਵਿਜੇ ਕੁਮਾਰ ਘਨੌਲੀ ਵੱਲ ਪੈਦਲ ਜਾ ਰਹੇ ਸੀ ਕਿ ਘਨੌਲੀ-ਸ੍ਰੀ ਅਨੰਦਪੁਰ ਸਾਹਿਬ ਮਾਰਗ 'ਤੇ ਪਿੱਛੋਂ ਇਕ ਬਲੈਰੋ ਤੇਜ਼ ਰਫਤਾਰ ਨਾਲ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰ ਰਹੀ ਸੀ ਤਾਂ ਉਸ ਨੇ ਸੜਕ ਦੇ ਇਕ ਪਾਸੇ ਫੁੱਟਪਾਥ ਵਾਲੀ ਸਾਈਡ 'ਤੇ ਚੜ੍ਹ ਕੇ ਟੱਕਰ ਮਾਰੀ। ਜਿਸ 'ਚ ਤਾਰਾ ਚੰਦ ਗੰਭੀਰ ਜ਼ਖਮੀ ਹੋ ਗਿਆ ਤੇ ਦੂਜੇ ਵਿਅਕਤੀ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਨ੍ਹਾਂ ਦੋਵਾਂ ਨੂੰ ਸਿਵਲ ਹਸਪਤਾਲ ਰੂਪਨਗਰ ਲਿਆਂਦਾ ਗਿਆ। ਜਿਥੇ ਤਾਰਾ ਚੰਦ ਨਾਮਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਜੇ ਵਿਅਕਤੀ ਨੂੰ ਫਸਟ ਏਡ ਦੇ ਕੇ ਮੋੜ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਪੁਲਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

ਕੀ ਕਹਿਣੈ ਏ. ਐੱਸ. ਆਈ. ਦਾ
ਇਸ ਮਾਮਲੇ ਦੇ ਸਬੰਧ 'ਚ ਜਦੋਂ ਘਨੌਲੀ ਥਾਣੇ ਦੇ ਏ. ਐੱਸ. ਆਈ. ਕਮਲ ਕਿਸ਼ੋਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਵਾਪਰੇ ਹਾਦਸੇ 'ਚ ਤਰਲੋਚਨ ਸਿੰਘ ਪੁੱਤਰ ਨਰਿੰਦਰ ਸਿੰਘ ਨਿਵਾਸੀ ਫਲਾਹੀ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।