ਹੁਸ਼ਿਆਰਪੁਰ: ਓਵਰਲੋਡਿਡ ਪਿਕਅੱਪ ਵੈਨ ਪਲਟੀ, 18 ਲੋਕ ਜ਼ਖਮੀ

05/08/2018 5:26:57 PM

ਹੁਸ਼ਿਆਰਪੁਰ(ਅਮਰਿੰਦਰ ਮਿਸ਼ਰਾ)— ਊਨਾ ਰੋਡ 'ਤੇ ਸਥਿਤ ਪਟਿਆਰੀਆਂ ਪਿੰਡ ਤੋਂ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ ਦੇ ਪਿੰਡ ਪਡੋਗਾ ਆਲੂ ਖਰੀਦਣ ਲਈ ਜਾ ਰਹੀ ਮਜ਼ਦੂਰਾਂ ਨਾਲ ਭਰੀ ਮਹਿੰਦਰਾ ਪਿਕਅੱਪ ਵੈਨ ਬੇਕਾਬੂ ਹੋ ਕੇ ਪਲਟ ਗਈ। ਇਹ ਹਾਦਸਾ ਬਨਖੰਡੀ ਨੇੜੇ ਪਹਾੜੀ ਖੇਤਰ 'ਚ ਵਾਪਰਿਆ। ਹਾਦਸੇ 'ਚ ਪਿਕਅੱਪ ਵੈਨ 'ਚ ਸਵਾਰ 18 ਮਜ਼ਦੂਰ ਜਿਸ 'ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ, ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹਾਦਸੇ ਦੌਰਾਨ ਜ਼ਖਮੀਆਂ ਦੀਆਂ ਚੀਕਾਂ ਸੁਣ ਤੁਰੰਤ ਉਥੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਕਿਸੇ ਦੂਜੀ ਵੈਨ 'ਚ ਬਿਠਾ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ। ਸੂਚਨਾ ਪਾ ਕੇ ਥਾਣਾ ਸਦਰ ਦੇ ਐੱਸ. ਐੱਚ. ਓ. ਅੰਕੁਰ ਗੁਪਤਾ ਆਈ. ਪੀ. ਐੱਸ. ਪੁਲਸ ਦੇ ਨਾਲ ਘਟਨਾ ਸਥਾਨ 'ਤੇ ਪਹੁੰਚ ਜਾਇਜ਼ਾ ਲੈ ਕੇ ਹਸਪਤਾਲ 'ਚ ਜਾ ਕੇ ਜ਼ਖਮੀਆਂ ਦਾ ਹਾਲ ਜਾਣਿਆ। ਉਨ੍ਹਾਂ ਨੇ ਪਿਕਅੱਪ ਵੈਨ ਦੇ ਚਾਲਕ ਖਿਲਾਫ ਪੁਲਸ ਕੇਸ ਦਰਜ ਕਰਨ ਦੀ ਹਦਾਇਤ ਦਿੱਤੀ। 


ਡਰਾਈਵਰ ਬਹੁਤ ਤੇਜ਼ ਚਲਾ ਰਿਹਾ ਸੀ ਵੈਨ
ਸਿਵਲ ਹਸਪਤਾਲ 'ਚ ਦਾਖਲ ਜ਼ਖਮੀਆਂ ਨੇ ਦੱਸਿਆ ਕਿ ਮੰਗਲਵਾਰ ਸਵੇਰੇ 9 ਵਜੇ ਊਨਾ ਤੋਂ ਆਈ ਪਿਕਅੱਪ ਵੈਨ (ਐੱਪ. ਪੀ.72 ਏ-3582) 'ਤੇ ਸਵਾਰ ਹੋ ਕੇ ਉਹ ਸਾਰੇ ਰੋਜ਼ਾਨਾ ਵਾਂਗ ਆਲੂ ਦੀ ਖਰੀਦ ਲਈ ਪਡੋਗਾ ਪਿੰਡ ਜਾ ਰਹੇ ਸਨ। ਲੇਟ ਹੋ ਜਾਣ ਕਾਰਨ ਡਰਾਈਵਰ ਵੈਨ ਨੂੰ ਬਹੁਤ ਤੇਜ਼ੀ ਨਾਲ ਚਲਾ ਰਿਹਾ ਸੀ। ਰਸਤੇ 'ਚ ਵਾਰ-ਵਾਰ ਡਰਾਈਵਰ ਨੂੰ ਟੋਕਿਆ ਪਰ ਉਹ ਆਪਣੀ ਮਨਮਾਨੀ ਕਰਦੇ ਹੋਏ ਬੋਲ ਰਿਹਾ ਸੀ ਕਿ ਲੇਟ ਹੋ ਚੁੱਕੇ ਹਾਂ ਅਤੇ ਸਾਨੂੰ ਜਲਦੀ ਪਹੁੰਚਣਾ ਹੈ। ਪਹਾੜੀ ਖੇਤਰ 'ਚ ਪੰਜਾਬ-ਹਿਮਾਚਲ ਦੀ ਸਰਹੱਦ ਤੋਂ 2 ਕਿਲੋਮੀਟਰ ਪਹਿਲਾਂ ਸਾਹਮਣੇ ਤੋਂ ਆ ਰਹੇ ਇਕ ਵਾਹਨ ਤੋਂ ਬੱਚਣ ਲਈ ਡਰਾਈਵਰ ਨੇ ਜਿਵੇਂ ਹੀ ਜ਼ੋਰ ਨਾਲ ਬ੍ਰੇਕ ਲਗਾਈ ਤਾਂ ਵੈਨ ਬੇਕਾਬੂ ਹੋ ਕੇ ਸੜਕ ਵਿਚਕਾਰ ਪਲਟ ਗਈ। ਹਾਦਸੇ ਦੇ ਸਮੇਂ ਵੈਨ 'ਚ ਸਮਰਥਾ ਤੋਂ ਵੱਧ ਬੱਚੇ, ਔਰਤਾਂ ਸਮੇਤ ਕਰੀਬ 35 ਲੋਕ ਸਵਾਰ ਸਨ। 


ਸਿਵਲ ਹਸਪਤਾਲ 'ਚ ਇਲਾਜ ਅਧੀਨ ਜ਼ਖਮੀਆਂ 'ਚ ਸੁਨੀਲ ਕੁਮਾਰੀ, ਰਾਜ ਕੁਮਾਰੀ, ਜੋਤੀ, ਰਾਜਨ, ਤੇਜਪਾਲ, ਊਸ਼ਾ, ਨੇਹਾ, ਚੰਦਨ, ਪਿੰਟੂ, ਸੰਗੀਤਾ, ਬ੍ਰਿਜੇਸ਼, ਵੇਦਪ੍ਰਕਾਸ਼, ਨੀਤੂ, ਤੇਜਪਾਲ, ਰਾਜਕੁਮਾਰੀ, ਸੁਨੀਲ, ਲਕਸ਼ਮੀ ਸ਼ਾਮਲ ਹਨ। ਸਾਰੇ ਜ਼ਖਮੀ ਮੂਲ ਰੂਪ ਨਾਲ ਯੂ.ਪੀ. ਦੇ ਜ਼ਿਲਾ ਬਦਾਯੂੰ ਦੇ ਰਹਿਣ ਵਾਲੇ ਹਨ। 


ਡਰਾਈਵਰ ਖਿਲਾਫ ਹੋਵੇਗੀ ਪੁਲਸ ਕਾਰਵਾਈ
ਮੌਕੇ 'ਤੇ ਮੌਜੂਦ ਥਾਣਾ ਸਦਰ ਦੇ ਐੱਸ. ਐੱਚ. ਓ. ਡਾ. ਅੰਕੁਰ ਗੁਪਤਾ ਆਈ. ਪੀ. ਐੱਸ. ਨੇ ਦੱਸਿਆ ਕਿ ਪੁਲਸ ਪੁਛਗਿੱਛ 'ਚ ਜ਼ਖਮੀਆਂ ਨੇ ਦੱਸਿਆ ਕਿ ਡਰਾਈਵਰ ਧਰਮਪਾਲ ਜਗਦੀਸ਼ ਰਾਜ ਵਾਸੀ ਪਿੰਡ ਬਡੇਰਾ ਜ਼ਿਲਾ ਊਨਾ ਬਹੁਤ ਤੇਜ਼ ਚਲਾ ਰਿਹਾ ਸੀ। ਦੋਸ਼ੀ ਡਰਾਈਵਰ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ ਹੈ। ਦੋਸ਼ੀ ਡਰਾਈਵਰ ਖਿਲਾਫ ਪੁਲਸ ਨੂੰ ਕੇਸ ਦਰਜ ਕਰਨ ਦਾ ਆਦੇਸ਼ ਦੇ ਦਿੱਤਾ ਹੈ।