ਗੋਰਾਇਆ-ਫਿਲੌਰ ਨੈਸ਼ਨਲ ਹਾਈਵੇਅ ''ਤੇ ਵਾਪਰਿਆ ਭਿਆਨਕ ਸੜਕ ਹਾਦਸਾ (ਤਸਵੀਰਾਂ)

01/13/2018 7:16:46 PM

ਗੋਰਾਇਆ(ਮੁਨੀਸ਼)— ਇਕ ਪਾਸੇ ਜਿੱਥੇ ਲੋਕ ਅੱਜ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨ੍ਹਾ ਰਹੇ ਹਨ, ਉਥੇ ਹੀ ਗੋਰਾਇਆ-ਫਿਲੌਰ ਨੈਸ਼ਨਲ ਹਾਈਵੇਅ 'ਤੇ ਦੋ ਕਾਰਾਂ ਦੀ ਹੋਈ ਜ਼ਬਰਦਸਤ ਟੱਕਰ ਨਾਲ ਵਾਪਰੇ ਭਿਆਨਕ ਸੜਕ ਹਾਦਸੇ ਨੇ ਇਕ ਘਰ ਦਾ ਚਿਰਾਗ ਬੁਝਾ ਕੇ ਘਰ ਦੀਆਂ ਖੁਸ਼ੀਆਂ ਤਬਾਹ ਕਰ ਦਿੱਤੀਆਂ। ਇਹ ਹਾਦਸਾ ਗੋਰਾਇਆ ਦੇ ਫਿਲੌਰ ਨੈਸ਼ਨਲ ਹਾਈਵੇਅ 'ਤੇ ਹੋਟਲ ਆਰ. ਸੀ. ਪਲਾਜ਼ਾ ਨੇੜੇ 5-6 ਵਜੇ ਦੇ ਕਰੀਬ ਵਾਪਰਿਆ। ਇਸ ਹਾਦਸੇ 'ਚ ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਸਵਿੱਫਟ ਡਿਜ਼ਾਇਰ ਗੱਡੀ ਦੀ ਛੱਤ ਤੱਕ ਉੱਡ ਗਈ ਅਤੇ ਕਾਰ ਚਾਲਕ ਕਾਰ 'ਚ ਹੀ ਫਸ ਗਿਆ। ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।


ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤੇਜ਼ ਰਫਤਾਰ ਲੁਧਿਆਣਾ ਨੰਬਰ ਸਿਆਜ਼ ਕਾਰ ਲੁਧਿਆਣਾ ਤੋਂ ਜਲੰਧਰ ਵੱਲ ਜਾ ਰਹੀ ਸੀ ਅਤੇ ਬੇਕਾਬੂ ਹੋ ਕੇ ਸੜਕ ਦੇ ਦੂਜੇ ਪਾਸੇ ਵੱਲ ਜਲੰਧਰ ਤੋਂ ਕਰਨਾਲ ਜਾ ਰਹੀ ਸਵਿੱਫਟ ਕਾਰ ਜਾ ਟਕਰਾਈ।

ਇਸ ਹਾਦਸੇ 'ਚ ਸਵਿੱਫਟ ਚਾਲਕ ਵਿਕਰਮ ਦੀ ਮੌਤ ਹੋ ਗਈ ਜਦਕਿ ਸਿਆਜ਼ ਕਾਰ ਜਿਸ 'ਚ ਡਰਾਈਵਰ ਸਮੇਤ 2 ਔਰਤਾਂ ਅਤੇ 3 ਬੱਚੇ ਸਵਾਰ ਸਨ, ਸਾਰੇ ਜ਼ਖਮੀ ਹੋ ਗਏ। ਬੱਚਿਆਂ 'ਚ ਇਕ ਡੇਢ ਸਾਲ ਦਾ ਬੱਚਾ ਵੀ ਸ਼ਾਮਲ ਹੈ। ਜ਼ਖਮੀਆਂ ਨੂੰ ਫਿਲੌਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ । ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।