ਸੰਘਣੀ ਧੁੰਦ ਦੇ ਕਾਰਨ ਬਠਿੰਡਾ ''ਚ ਵਾਪਰਿਆ ਵੱਡਾ ਹਾਦਸਾ, 10 ਲੋਕਾਂ ਦੀ ਮੌਤ (ਤਸਵੀਰਾਂ)

11/09/2017 11:26:29 AM

ਬਠਿੰਡਾ (ਮੁਨੀਸ਼, ਬਲਵਿੰਦਰ, ਸੁਖਵਿੰਦਰ)— ਸੰਘਣੀ ਧੁੰਦ ਦੇ ਕਾਰਨ ਬੁੱਧਵਾਰ ਨੂੰ ਬਠਿੰਡਾ ਰਾਮਪੁਰਾ ਰੋਡ 'ਤੇ ਆਦੇਸ਼ ਹਸਪਤਾਲ ਦੇ ਨੇੜੇ ਕਈ ਵਾਹਨਾਂ ਦੀ ਆਪਸ 'ਚ ਟੱਕਰ ਹੋਣ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ।

ਇਸ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ ਅਤੇ ਇਸ ਦੇ ਨਾਲ ਹੀ 16 ਲੋਕ ਜ਼ਖਮੀ ਹੋਏ ਹਨ। ਮ੍ਰਿਤਕਾਂ 'ਚ 9 ਸਕੂਲੀ ਬੱਚੇ ਅਤੇ 1 ਲੇਡੀ ਫੂਡ ਇੰਸਪੈਕਟਰ ਸ਼ਾਮਲ ਹੈ। ਇਨ੍ਹਾਂ 'ਚੋਂ 6 ਲੜਕੀਆਂ, 3 ਲੜਕੇ ਸ਼ਾਮਲ ਹਨ, ਜਿਨ੍ਹਾਂ 'ਚੋਂ 8 ਦੀ ਪਛਾਣ ਹੋ ਚੁੱਕੀ ਹੈ ਅਤੇ 1 ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਕ ਲੜਕੀ ਆਈਲੈਟਸ ਕਰਦੀ ਸੀ। 5 ਵਿਦਿਆਰਥੀ ਰਾਜਿੰਦਰਾ ਕਾਲਜ ਦੇ ਦੱਸੇ ਜਾ ਰਹੇ ਹਨ ਅਤੇ 1 ਡੀ. ਏ. ਵੀ. ਕਾਲਜ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। 

ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਬਠਿੰਡਾ-ਓਵਰਬ੍ਰਿਜ ਰੋਡ 'ਤੇ ਭੁੱਚੋ ਖੁਰਦ ਨੇੜੇ ਓਵਰਬ੍ਰਿਜ 'ਤੇ ਵਾਪਰਿਆ, ਜਿੱਥੇ ਬੱਸ ਦਾ ਇੰਤਜ਼ਾਰ ਕਰ ਰਹੇ ਕੁਝ ਵਿਦਿਆਰਥੀਆਂ ਅਤੇ ਹੋਰ ਸਵਾਰੀਆਂ ਨੂੰ ਇਕ ਤੇਜ਼ ਰਫਤਾਰ ਟਿੱਪਰ (ਸੀਮੇਂਟ ਮਿਕਸਰ) ਨੇ ਕੁਚਲ ਦਿੱਤਾ। ਉਕਤ ਹਾਦਸੇ ਵਿਚ 10-15 ਮਿੰਟ ਪਹਿਲਾਂ ਹੀ ਇਸ ਪੁਲ 'ਤੇ 2 ਹੋਰ ਹਾਦਸੇ ਹੋਏ, ਜਿਨ੍ਹਾ ਵਿਚ ਬਚੇ ਹੋਏ ਉਕਤ ਲੋਕਾਂ ਨੂੰ ਟਿੱਪਰ ਨੇ ਕੁਚਲ ਦਿੱਤਾ। ਹਾਦਸੇ ਦੇ ਤੁਰੰਤ ਬਾਅਦ ਮੌਕੇ ਤੇ ਮੌਜੂਦ ਵਿਦਿਆਰਥੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਸੂਚਨਾ ਮਿਲਣ 'ਤੇ ਹੀ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ, ਐੱਸ. ਐੱਸ. ਪੀ. ਨਵੀਨ ਸਿੰਗਲਾ ਅਤੇ ਹੋਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਰਾਹਤ ਕੰਮ ਸ਼ੁਰੂ ਕਰਵਾਏ। ਘਟਨਾ ਦੇ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। 
ਜਾਣਕਾਰੀ ਅਨੁਸਾਰ ਪੀ. ਆਰ. ਟੀ. ਸੀ. ਦੀ ਇਕ ਬੱਸ ਬਠਿੰਡਾ ਤੋਂ ਰਾਮਪੁਰਾ ਵੱਲ ਜਾ ਰਹੀ ਸੀ ਜਦਕਿ ਪੀ. ਆਰ. ਟੀ. ਸੀ. ਦੀ ਇਕ ਮਿੰਨੀ ਬੱਸ ਅਤੇ ਨਿਜੀ ਕੰਪਨੀ ਲਿਬੜਾ ਦੀ ਇਕ ਬੱਸ ਰਾਮਪੁਰਾ ਤੋਂ ਬਠਿੰਡਾ ਵੱਲ ਆ ਰਹੀ ਸੀ। ਭੁੱਚੋ ਖੁਰਦ ਓਵਰਬ੍ਰਿਜ 'ਤੇ ਧੁੰਦ ਦੇ ਕਾਰਨ ਬਠਿੰਡਾ ਤੋਂ ਜਾਣ ਵਾਲੀ ਪੀ. ਆਰ. ਟੀ. ਸੀ. ਦੀ ਬੱਸ ਸੜਕ 'ਤੇ ਖੜ੍ਹੇ ਇਕ ਛੋਟਾ ਹਾਥੀ ਨਾਲ ਟਕਰਾ ਗਈ ਜਦਕਿ ਇਸ ਦੇ ਪਿਛੇ ਆ ਰਹੀ ਲਿਬੜਾ ਬੱਸ ਇਸ ਦੇ ਪਿੱਛੇ ਟਕਰਾ ਗਈ। ਇਸ ਦੌਰਾਨ ਬਾਬਾ ਫਰੀਦ ਇੰਸਟੀਚਿਊਟ ਦੀ ਇਕ ਬੱਸ ਅਤੇ ਇਕ ਸੂਮੋ ਵੀ ਇੰਨ੍ਹਾਂ ਵਾਹਨਾ ਨਾਲ ਟਕਰਾ ਗਈ, ਜਿਸ ਨਾਲ 3 ਲੋਕ ਜ਼ਖਮੀ ਹੋ ਗਏ। ਇਸ ਦੌਰਾਨ ਰਾਮਪੁਰਾ ਤੋਂ ਆ ਰਹੀ ਪੀ. ਆਰ. ਟੀ. ਸੀ. ਗ੍ਰਾਮੀਣ ਸੇਵਾ ਦੀ ਬੱਸ ਇਕ ਸੂਮੋ ਦੇ ਨਾਲ ਟਕਰਾ ਗਈ, ਜਿਸ ਨਾਲ ਸੂਮੋ ਪਲਟ ਗਈ। ਇਸ ਬੱਸ ਦੇ ਪਿਛੇ ਤੇਜ਼ ਰਫਤਾਰ ਵਿਚ ਆ ਰਹੀ ਬਠਿੰਡਾ ਬੱਸ ਸਰਵਿਸ ਭਾਈਕਾ ਦੀ ਬੱਸ ਨੇ ਇਸ ਬੱਸ ਨੂੰ ਟੱਕਰ ਮਾਰ ਦਿੱਤੀ। ਇਨ੍ਹਾਂ ਹਾਦਸਿਆਂ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬੱਸਾਂ ਵਿਚ ਸਵਾਰ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਅਤੇ ਹੋਰ ਲੋਕ ਬੱਸਾਂ 'ਚੋਂ ਉਤਰ ਕੇ ਬਠਿੰਡਾ ਆਉਣ ਲਈ ਸੜਕ ਦੇ ਇਕ ਕਿਨਾਰੇ ਖੜ੍ਹੀਆਂ ਹੋ ਗਈਆਂ। ਕਿਉਂਕਿ ਹਾਦਸਾਗ੍ਰਸਤ ਵਾਹਨਾਂ ਨੂੰ ਅਜੇ ਸੜਕ ਤੋਂ ਹਟਾਇਆ ਨਹੀਂ ਗਿਆ ਸੀ, ਜਿਸ ਕਾਰਨ ਰਸਤਾ ਲਗਭਗ ਬਲਾਕ ਸੀ ਅਤੇ ਵਿਦਿਆਰਥੀ ਅਤੇ ਹੋਰ ਲੋਕ ਬੱਸ ਦੇ ਇੰਤਜ਼ਾਰ ਵਿਚ ਖੜ੍ਹੇ ਸਨ। ਇਸ ਦੌਰਾਨ ਰਾਮਪੁਰਾ ਵੱਲੋਂ ਇਕ ਤੇਜ਼ ਰਫਤਾਰ ਟਿੱਪਰ ਆ ਕੇ ਰਸਤੇ ਵਿਚ ਹੀ ਖੜ੍ਹੀ ਇਕ ਸਕਾਰਪੀਓ ਗੱਡੀ ਨਾਲ ਟਕਰਾ ਕੇ ਬੇਕਾਬੂ ਹੋ ਗਿਆ ਅਤੇ ਬੱਸ ਦੇ ਇੰਤਜ਼ਾਰ ਵਿਚ ਖੜ੍ਹੇ ਉਕਤ ਲੋਕਾਂ ਨੂੰ ਕੁਚਲਦਾ ਹੋਇਆ ਚਲਾ ਗਿਆ। ਹਾਦਸੇ ਵਿਚ ਰਵੀ ਮੁਹੰਮਦ (20) ਪੁੱਤਰ ਰੁਲਦੂ ਖਾਨ ਵਾਸੀ ਦਿਆਲਪੁਰਾ ਮਿਰਜਾ, ਵਿਨੋਦ ਕੁਮਾਰ (18) ਪੁੱਤਰ ਮੁਨੀਸ਼ ਮਿੱਤਲ ਵਾਸੀ ਰਾਮਪੁਰਾ ਫੂਲ, ਸ਼ਿਖਾ (17) ਪੁੱਤਰੀ ਰਵਿੰਦਰ ਕੁਮਾਰ ਵਾਸੀ ਰਾਮਪੁਰਾ ਫੂਲ, ਖੁਸ਼ਬੀਰ ਕੌਰ (20) ਪੁੱਤਰੀ ਜਸਵਿੰਦਰ ਸਿੰਘ ਰਾਮਪੁਰਾ ਫੂਲ, ਫੂਡ ਸਪਾਲਈ ਮੁਲਾਜਿਮ ਲਵਪ੍ਰੀਤ ਕੌਰ (30) ਵਾਸੀ ਰਾਮਪੁਰਾ ਫੂਲ, ਜਸਪ੍ਰੀਤ ਕੌਰ (18) ਪੁੱਤਰੀ ਰਣਜੀਤ ਸਿੰਘ ਵਾਸੀ ਰਾਮਪੁਰਾ ਫੂਲ, ਨੈਨਸੀ (19) ਪੁੱਤਰੀ ਭੂਸ਼ਣ ਕੁਮਾਰ ਵਾਸੀ ਰਾਮਪੁਰਾ ਫੂਲ, ਅਧਿਆਪਕਾ ਮਨਦੀਪ ਕੌਰ ਪਤਨੀ ਅਸ਼ੋਕ ਕੁਮਾਰ ਵਾਸੀ ਪਿੱਥੋ, ਈਸ਼ਵਰ (18) ਪੁੱਤਰ ਗੋਪਾਲ ਕ੍ਰਿਸ਼ਣ ਵਾਸੀ ਭੁੱਚੋ ਮੰਡੀ ਅਤੇ ਮਨਪ੍ਰੀਤ ਕੌਰ ਵਾਸੀ ਲਹਿਰਾਖਾਨਾ ਦੀ ਮੌਤ ਹੋ ਗਈ। 
ਹਾਦਸੇ ਵਿਚ ਜ਼ਖਮੀ ਹੋਏ ਅਮਨਪ੍ਰੀਤ ਕੌਰ, ਤਾਨੀਆ ਬਾਂਸਲ ਵਾਸੀ ਰਾਮਪੁਰਾ ਫੂਲ, ਸਤਿਆ ਰਾਣੀ ਵਾਸੀ ਬਠਿੰਡਾ, ਮੰਥਨ ਵਾਸੀ ਰਾਮੁਪਰਾ ਅਤੇ ਹਰਪ੍ਰੀਤ ਸਿੰਘ ਨੂੰ ਆਦੇਸ਼ ਹਸਪਤਾਲ ਅਤੇ ਸਿਵਲ ਹਸਪਤਾਲ ਬਠਿੰਡਾ ਵਿਚ ਭਰਤੀ ਕਰਵਾਇਆ ਗਿਆ। ਪੁਲ 'ਤੇ 2 ਬੱਸਾਂ ਦੇ ਟਕਰਾਉਣ ਦੇ ਕਾਰਨ ਜ਼ਖਮੀ ਹੋਏ 2 ਹੋਰ ਵਿਦਿਆਰਥੀਆਂ ਜਗਮੋਹਨ ਸਿੰਘ ਵਾਸੀ ਲਹਿਰਾ ਮੁਹੱਬਤ ਅਤੇ ਸਰਕਾਰੀ ਰਾਜਿੰਦਰਾ ਕਾਲਜ ਦੇ ਵਿਦਿਆਰਥੀ ਮਨਦੀਪ ਸਿੰਘ ਵਾਸੀ ਦਿਆਲਪੁਰਾ ਮਿਰਜਾ ਦਾ ਵੀ ਇਲਾਜ ਚੱਲ ਰਿਹਾ ਹੈ।