ਦਰੱਖਤ ਨਾਲ ਟਕਰਾਈ ਸਵਾਰੀਆਂ ਨਾਲ ਭਰੀ ਬੱਸ, ਚਾਲਕ ਤੇ ਕੰਡਕਟਰ ਦੀ ਮੌਤ, 9 ਜ਼ਖਮੀ

02/16/2020 2:12:11 PM

ਹੁਸ਼ਿਆਰਪੁਰ (ਅਮਰੀਕ)— ਜਲੰਧਰ-ਪਠਾਨਕੋਟ ਕੌਮੀ ਮਾਰਗ 'ਤੇ ਉੱਪ ਮੰਡਲ ਮੁਕੇਰੀਆਂ ਦੇ ਕਸਬਾ ਭੰਗਾਲਾ ਦੇ ਜੰਡਵਾਲ ਮੋੜ 'ਤੇ ਹਰਿਆਣਾ ਰੋਡਵੇਜ਼ ਦੀ ਬੱਸ ਬੇਕਾਬੂ ਹੋ ਕੇ ਸਫੈਦੇ ਦੇ ਦਰੱਖਤ ਨਾਲ ਟਕਰਾਅ ਗਈ। ਇਸ ਹਾਦਸੇ 'ਚ ਬੱਸ ਚਾਲਕ ਅਤੇ ਕੰਡਕਟਰ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਬੱਸ ਚਾਲਕ ਦੀ ਪਛਾਣ ਸਲੀਮਦੀਨ ਅਤੇ ਕੰਡਕਟਰ ਦੀ ਪਛਾਣ ਕ੍ਰਿਸ਼ਨ ਕੁਮਾਰ ਵਜੋਂ ਹੋਈ ਹੈ। ਉੱਥੇ ਹੀ ਹਾਦਸੇ ਦੌਰਾਨ 9 ਸਵਾਰੀਆਂ ਵੀ ਜ਼ਖਮੀ ਹੋਈਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਦਾਖਲ ਕਰਵਾਇਆ ਗਿਆ ਹੈ। ਇਥੋਂ ਇਕ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਇਹ ਬੱਸ ਦਿੱਲੀ ਤੋਂ ਕਟੜਾ ਨੂੰ ਜਾ ਰਹੀ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ।

ਯਾਤਰੀਆਂ ਮੁਤਾਬਕ ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਸਾਰੇ ਸੌ ਰਹੇ ਸਨ ਅਤੇ ਉਨ੍ਹਾਂ ਨੂੰ ਪਤਾ ਨਹੀਂ ਲੱਗ ਸਕਿਆ ਇਹ ਹਾਦਸਾ ਕਿਵੇਂ ਹੋਇਆ। ਉਥੇ ਹੀ ਜਾਂਚ ਅਧਿਕਾਰੀ ਬਲਵੰਤ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਸਿਵਲ ਹਸਪਤਾਲ 'ਚ ਚੱਲ ਰਿਹਾ ਹੈ ਅਤੇ ਹਾਦਸੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਦੀ ਕਾਰਵਾਈ ਕੀਤੀ ਜਾ ਰਹੀ ਹੈ।

shivani attri

This news is Content Editor shivani attri