ਅਧਿਆਪਕਾਂ ਨਾਲ ਭਰੀ ਸਕੂਲ ਵੈਨ ਦੀ ਕਾਰ ਨਾਲ ਟੱਕਰ

01/19/2018 10:53:06 AM

ਭੁੱਚੋ ਮੰਡੀ (ਨਾਗਪਾਲ)-ਭੁੱਚੋ ਕਲਾਂ ਦੇ ਨਜ਼ਦੀਕ ਅਧਿਆਪਕਾਂ ਨਾਲ ਭਰੀ ਸਕੂਲ ਵੈਨ ਦੀ ਕਾਰ ਨਾਲ ਸਿੱਧੀ ਟੱਕਰ ਹੋ ਗਈ, ਜਿਸ ਦੌਰਾਨ ਅੱਧੀ ਦਰਜਨ ਦੇ ਕਰੀਬ ਅਧਿਆਪਕਾਂ ਨੂੰ ਅੰਦਰੂਨੀ ਸੱਟਾਂ ਲੱਗੀਆਂ ਅਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਵਾਹਨਾਂ ਦਾ ਕਾਫੀ ਨੁਕਸਾਨ ਹੋ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਨਥਾਣਾ ਹਾਈ ਸਕੂਲ ਲੜਕੀਆਂ, ਸਰਕਾਰੀ ਸੈਕੰਡਰੀ ਸਕੂਲ ਲੜਕੇ ਅਤੇ ਪਾਲੀਟੈਕਨੀਕਲ ਕਾਲਜ ਨਥਾਣਾ ਦੇ ਅਧਿਆਪਕਾਂ ਨਾਲ ਭਰੀ ਸਕੂਲ ਵੈਨ ਦੀ ਖਰਾਬ ਹੋਈ ਕਾਰ ਜਿਸ ਨੂੰ ਇਕ ਹੋਰ ਵਾਹਨ ਦੇ ਪਿੱਛੇ ਲੋਹੇ ਦੀ ਪਾਈਪ ਨਾਲ ਟੋਚਨ ਪਾ ਕੇ ਪਿੰਡ ਕਲਿਆਣਾਂ ਤੋਂ ਭੁੱਚੋ ਮੰਡੀ ਵਿਖੇ ਲਿਜਾਇਆ ਜਾ ਰਿਹਾ ਸੀ ਨਾਲ ਟੱਕਰ ਹੋ ਗਈ। 
ਸਕੂਲ ਵੈਨ ਉਪਰ ਗੁਰੂ ਹਰਗੋਬਿੰਦ ਕਾਨਵੈਂਟ ਸਕੂਲ ਨਥਾਣਾ ਲਿਖਿਆ ਹੋਇਆ ਸੀ ਪਰ ਇਸ ਸਕੂਲ ਦੇ ਅਧਿਆਪਕ ਨੇ ਦੱਸਿਆ ਕਿ ਇਹ ਵੈਨ ਸਾਡੇ ਸਕੂਲ ਦੀ ਨਹੀਂ ਹੈ। ਪਹਿਲਾਂ ਇਹ ਸਾਡੇ ਸਕੂਲ ਦੇ ਬੱਚਿਆਂ ਨੂੰ ਲੈ ਕੇ ਆਉਂਦੀ ਸੀ ਪਰ ਇਸ ਨੂੰ ਕੁਝ ਦਿਨ ਪਹਿਲਾਂ ਹਟਾ ਦਿੱਤਾ ਗਿਆ ਸੀ।
ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ 'ਚ ਘਬਰਾਹਟ ਫੈਲ ਗਈ ਅਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਪੁਲਸ ਚੌਕੀ ਭੁੱਚੋ ਮੰਡੀ ਤੋਂ ਪਹੁੰਚੀ ਮੁਲਾਜ਼ਮਾਂ ਦੀ ਟੀਮ ਨੇ ਨੁਕਸਾਨੇ ਗਏ ਵਾਹਨ ਸਾਈਡ 'ਤੇ ਕਰਵਾ ਕੇ ਸੜਕ ਚਾਲੂ ਕਰਵਾਈ।