ਸੜਕ ਹਾਦਸੇ ''ਚ ਨੌਜਵਾਨ ਦੀ ਮੌਤ, ਇਕ ਜ਼ਖਮੀ

09/16/2017 3:42:42 AM

ਰਾਮਾਂ ਮੰਡੀ(ਪਰਮਜੀਤ)- ਰਾਮਾਂ ਮੰਡੀ ਦੀਆਂ ਸੜਕਾਂ 'ਤੇ ਫਿਰਦੇ ਆਵਾਰਾ ਪਸ਼ੂਆਂ ਕਾਰਨ ਸੜਕ ਹਾਦਸੇ ਦਿਨੋ-ਦਿਨ ਵਧ ਰਹੇ ਹਨ ਪਰ ਜ਼ਿਲਾ ਪ੍ਰਸ਼ਾਸਨ ਆਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਕੋਈ ਪੁਖਤਾ ਇੰਤਜ਼ਾਮ ਨਹੀਂ ਕਰ ਰਿਹਾ, ਜਿਸ ਕਾਰਨ ਰਾਤ ਸਮੇਂ ਵਾਹਨ ਸਵਾਰ ਲੋਕ ਆਵਾਰਾ ਪਸ਼ੂਆਂ ਵਿਚ ਵੱਜਣ ਕਾਰਨ ਕਈ ਤਾਂ ਜ਼ਖਮੀ ਹੋ ਜਾਂਦੇ ਹਨ ਅਤੇ ਕਈ ਆਪਣੇ ਜੀਵਨ ਤੋਂ ਹੱਥ ਧੋ ਬੈਠਦੇ ਹਨ।
ਅਜਿਹਾ ਹੀ ਵਾਪਰਿਆ ਹੈ ਰਾਮਾਂ ਮੰਡੀ ਨਵਾਸੀ 2 ਨੌਜਵਾਨਾਂ ਨਾਲ, ਜੋ ਦੇਰ ਰਾਤ ਆਪਣੇ ਕੁਝ ਜ਼ਰੂਰੀ ਕੰਮ ਲਈ ਰਾਮਾਂ ਮੰਡੀ-ਤਲਵੰਡੀ ਸਾਬੋ ਰੋਡ 'ਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਸਨ ਪਰ ਰਸਤੇ ਵਿਚ ਫਿਰਦੇ ਆਵਾਰਾ ਪਸ਼ੂਆਂ ਵਿਚ ਵੱਜਣ ਕਾਰਨ ਦੋਵੇਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਰਾਮਾਂ ਮੰਡੀ ਦੀ ਸਮਾਜ ਸੇਵੀ ਹੈਲਪਲਾਈਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ ਨੇ ਆਪਣੇ ਸਾਥੀ ਸਾਹਿਲ ਬਾਂਸਲ, ਪ੍ਰਿੰਸ ਮਸੌਣ, ਲਲਿਤ ਬਖਤੂ ਦੀ ਮਦਦ ਨਾਲ ਸਿਵਲ ਹਸਪਤਾਲ ਰਾਮਾਂ ਵਿਖੇ ਪਹੁੰਚਾਇਆ।
ਇਨ੍ਹਾਂ ਦੀ ਪਛਾਣ ਜਸਪ੍ਰੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਰਾਮਾਂ ਮੰਡੀ ਅਤੇ ਗੁਰਪ੍ਰੀਤ ਸਿੰਘ ਸਪੁੱਤਰ ਜਸਕਰਨ ਸਿੰਘ ਵਾਸੀ ਰਾਮਾਂ ਮੰਡੀ ਵਜੋਂ ਹੋਈ, ਜਿਨ੍ਹਾਂ ਦੀ ਹਾਲਤ ਗੰਭੀਰ ਦੇਖਦਿਆਂ ਤੁਰੰਤ ਦੂਸਰੇ ਹਸਪਤਾਲਾਂ ਵਿਚ ਰੈਫਰ ਕਰ ਦਿੱਤਾ ਗਿਆ। ਹੈਲਪਲਾਈਨ ਵੈੱਲਫੇਅਰ  ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ ਨੇ ਦੱਸਿਆ ਕਿ ਸੜਕ ਹਾਦਸੇ ਵਿਚ ਇਲਾਜ ਅਧੀਨ ਜਸਪ੍ਰੀਤ ਸਿੰਘ ਦੀ ਮੌਤ ਹੋ ਗਈ, ਜਦੋਂਕਿ ਗੁਰਪ੍ਰੀਤ ਸਿੰਘ ਗੰਭੀਰ ਜ਼ਖਮੀ ਹੈ।