ਕਾਰ ਅਤੇ ਮੋਟਰਸਾਈਕਲ ਦੀ ਟੱਕਰ, 1 ਜ਼ਖਮੀ

07/22/2017 2:28:56 PM

ਕਾਲਾ ਸੰਘਿਆਂ(ਨਿੱਝਰ)— ਜਲੰਧਰ ਰੋਡ 'ਤੇ ਥਾਣਾ ਲਾਂਬੜਾ ਅਧੀਨ ਪੈਂਦੇ ਨਹਿਰ 'ਤੇ ਸਥਿਤ ਪੁਆਰਾਂ ਵਾਲੇ ਖੂਨੀ ਪੁਲ 'ਤੇ ਸ਼ੁੱਕਰਵਾਰ ਦੀ ਕਰੀਬ ਸਾਢੇ 5 ਵਜੇ ਕਾਰ ਅਤੇ ਮੋਟਰਸਾਈਕਲ ਦਰਮਿਆਨ ਹੋਈ ਜ਼ਬਰਦਸਤ ਟੱਕਰ ਦਰਮਿਆਨ ਮੋਟਰਸਾਈਕਲ ਸਵਾਰ ਦੀ ਲੱਤ ਟੁੱਟਣ ਦੇ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। 
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਹਾਊਸ ਨੰਬਰ 3 ਸ਼ਿਵਨਗਰ ਜਲੰਧਰ ਆਪਣੀ ਲਾਂਸਰ ਕਾਰ ਨੰਬਰ ਪੀ. ਬੀ. 08, ਏ. ਵੀ.-9848 ਰਾਹੀਂ ਜਲੰਧਰ ਵਲੋਂ ਕਾਲਾ ਸੰਘਿਆਂ ਵੱਲ ਨੂੰ ਤੇਜ਼ ਰਫਤਾਰ ਵਿਚ ਆ ਰਿਹਾ ਸੀ ਕਿ ਕਾਰ ਨੇ ਜਿਓਂ ਹੀ ਪੁਆਰਾਂ ਵਾਲਾ ਟੇਡਾ ਪੁਲ ਕਰਾਸ ਕੀਤਾ, ਅੱਗਿਓਂ ਉਸ ਦੀ ਲਪੇਟ ਵਿਚ ਸੰਦੀਪ ਸਿੰਘ ਪੁੱਤਰ ਗਿਆਨ ਚੰਦ ਵਾਸੀ ਆਲੀਚੱਕ ਜ਼ਿਲਾ ਜਲੰਧਰ, ਜੋ ਕਿ ਆਪਣੇ ਮੋਟਰਸਾਈਕਲ 'ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਜਲੰਧਰ ਵੱਲ ਨੂੰ ਜਾ ਰਿਹਾ ਸੀ, ਆ ਗਿਆ ਅਤੇ ਦੇਖਦੇ-ਦੇਖਦੇ ਹਾਦਸਾ ਵਾਪਰ ਗਿਆ।
ਹਾਦਸੇ 'ਚ ਜਿੱਥੇ ਕਾਰ ਅਤੇ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ, ਉਥੇ ਹੀ ਸੰਦੀਪ ਸਿੰਘ ਦੀ ਲੱਤ ਦੀ ਹੱਡੀ ਫਰੈਕਚਰ ਹੋਣ ਸਮੇਤ ਹੋਰ ਸੱਟਾਂ ਲੱਗਣ ਦੀ ਸੂਚਨਾ ਹੈ। ਜਿਸ ਨੂੰ ਤੁਰੰਤ ਜਲੰਧਰ ਇਲਾਜ ਲਈ ਲਿਜਾਇਆ ਗਿਆ। ਘਟਨਾ ਸਬੰਧੀ ਜਾਣਕਾਰੀ ਮਿਲਣ 'ਤੇ ਪੁਸ਼ਪ ਬਾਲੀ ਐੱਸ. ਐੱਚ. ਓ. ਥਾਣਾ ਲਾਂਬੜਾ ਆਪਣੀ ਟੀਮ ਸਮੇਤ ਪੁੱਜੇ ਅਤੇ ਘਟਨਾ ਬਾਰੇ ਜਾਇਜ਼ਾ ਲਿਆ। ਦੋਹਾਂ ਪਾਰਟੀਆਂ ਦਰਮਿਆਨ ਮੌਕੇ 'ਤੇ ਕੁਝ ਮੋਹਤਬਰਾਂ ਵਲੋਂ ਰਾਜ਼ੀਨਾਮਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਜੋ ਕਿ ਸਫਲ ਨਾ ਹੋ ਸਕੀ। ਜਿਸ ਉਪਰੰਤ ਪੁਲਸ ਵਲੋਂ ਕਾਰ ਨੂੰ ਕਬਜ਼ੇ 'ਚ ਲਿਆ ਗਿਆ ਅਤੇ ਪੁਲਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਸੀ।