ਟਰੱਕ-ਬੱਸ ਦੀ ਟੱਕਰ ''ਚ ਬੱਸ ਕਲੀਨਰ ਦੀ ਮੌਤ, 22 ਜ਼ਖ਼ਮੀ, 12 ਦੀ ਹਾਲਤ ਗੰਭੀਰ

07/22/2017 2:15:28 AM

ਸੁਜਾਨਪੁਰ(ਜੋਤੀ, ਸ਼ਾਰਦਾ)-ਬੀਤੀ ਰਾਤ 1 ਵਜੇ ਦੇ ਕਰੀਬ ਅੰਮ੍ਰਿਤਸਰ-ਜੰਮੂ ਰਾਸ਼ਟਰੀ ਰਾਜ ਮਾਰਗ 'ਤੇ ਪੁਲ ਨੰਬਰ-8 ਪਿੰਡ ਇਸਲਾਮਪੁਰ ਦੇ ਨੇੜੇ ਬੱਸ ਤੇ ਟਰੱਕ ਦੀ ਟੱਕਰ ਹੋਣ ਕਾਰਨ ਬੱਸ ਸਵਾਰ 23 ਲੋਕਾਂ 'ਚੋਂ ਬੱਸ ਕਲੀਨਰ ਦੀ ਮੌਕੇ 'ਤੇ ਮੌਤ ਹੋ ਗਈ, ਜਿਸ ਦੀ ਪਛਾਣ ਅਮਿਤ ਸਿੰਘ ਪੁੱਤਰ ਓਮ ਪ੍ਰਕਾਸ਼ ਨਿਵਾਸੀ ਜੰਮੂ-ਕਸ਼ਮੀਰ ਦੇ ਰੂਪ 'ਚ ਹੋਈ, ਜਦਕਿ 22 ਸਵਾਰੀਆਂ ਜ਼ਖਮੀ ਹੋ ਗਈਆਂ। 12 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਦਕਿ ਟਰੱਕ ਚਾਲਕ ਦੀ ਪਛਾਣ ਗੁਰਮੀਤ ਸਿੰਘ ਦੇ ਰੂਪ 'ਚ ਹੋਈ। ਜ਼ਖਮੀਆਂ ਨੂੰ ਸਿਵਲ ਹਸਪਤਾਲ ਪਠਾਨਕੋਟ ਦਾਖ਼ਲ ਕਰਵਾਇਆ ਗਿਆ। ਥਾਣਾ ਮੁਖੀ ਹਰਕ੍ਰਿਸ਼ਨ ਨੇ ਦੱਸਿਆ ਕਿ ਟਰੱਕ ਅੰਮ੍ਰਿਤਸਰ ਤੋਂ ਜੰਮੂ ਵੱਲ ਜਾ ਰਿਹਾ ਸੀ, ਜਦਕਿ ਬੱਸ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਗਲਤ ਦਿਸ਼ਾ ਵੱਲ ਜੰਮੂ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸੀ ਕਿ ਇਸਲਾਮਪੁਰ ਨੇੜੇ ਇਨ੍ਹਾਂ ਦੋਵੇਂ ਵਾਹਨਾਂ ਦੀ ਟੱਕਰ ਹੋ ਗਈ। ਜ਼ਖਮੀਆਂ ਦੀ ਪਛਾਣ ਰਿਆਜ਼ ਅਹਿਮਦ ਨਿਵਾਸੀ ਕੁਪਵਾੜਾ ਜੰਮੂ-ਕਸ਼ਮੀਰ, ਫੈਜਲ ਰਿਆਜ਼ ਕੁਪਵਾੜਾ ਜੰਮੂ-ਕਸ਼ਮੀਰ, ਮਕਸੂਦ ਨਿਵਾਸੀ ਪੁੰਛ ਜੰਮੂ-ਕਸ਼ਮੀਰ, ਵਿਕਾਸ ਦੁੱਗਲ ਨਿਵਾਸੀ ਅੰਮ੍ਰਿਤਸਰ, ਨਿਜ਼ਾਮੂਦੀਨ ਆਲਮ ਨਿਵਾਸੀ ਬਿਹਾਰ, ਦਵਿੰਦਰ ਨਿਵਾਸੀ ਅੰਮ੍ਰਿਤਸਰ, ਰਾਜਵੰਤ ਕੌਰ ਨਿਵਾਸੀ ਜੰਮੂ, ਗੁਰਮੀਤ ਸਿੰਘ ਨਿਵਾਸੀ ਸੰਗਰੂਰ, ਅਪੂਰਵ ਨਿਵਾਸੀ ਆਸਾਮ, ਸ਼ੌਕਤ ਨਿਵਾਸੀ ਬਿਹਾਰ, ਤਰਸੇਮ ਸਾਹਾ ਨਿਵਾਸੀ ਆਸਾਮ, ਬਲਰੀਤ ਨਿਵਾਸੀ ਜੰਮੂ ਦੇ ਰੂਪ 'ਚ ਹੋਈ।