ਟਰੱਕ ਦੀ ਟੱਕਰ ਨਾਲ ਕਾਰ ਸਵਾਰ ਨੌਜਵਾਨ ਦੀ ਮੌਤ, 7 ਜ਼ਖਮੀ

03/18/2018 10:06:10 AM

ਚੰਡੀਗੜ੍ਹ (ਸੁਸ਼ੀਲ) - ਮਾਤਾ ਜਵਾਲਾ ਜੀ ਦੇ ਦਰਸ਼ਨ ਕਰਕੇ ਮੱਧ ਪ੍ਰਦੇਸ਼ ਜਾ ਰਹੇ 8 ਨੌਜਵਾਨਾਂ ਦੀ ਅਰਟਿਗਾ ਕਾਰ ਨੂੰ ਸ਼ੁੱਕਰਵਾਰ ਰਾਤ ਸੈਕਟਰ-38/38 ਵੈਸਟ ਦੀ ਸੜਕ 'ਤੇ ਤੇਜ਼ ਰਫਤਾਰ ਨਾਲ ਟਰੱਕ ਚਾਲਕ ਟੱਕਰ ਮਾਰ ਕੇ ਟਰੱਕ ਸਮੇਤ ਫਰਾਰ ਹੋ ਗਿਆ।  ਇਸ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਤੇ 7 ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਮਨੋਜ ਨਾਂ ਦਾ ਨੌਜਵਾਨ ਕਾਰ ਦੀ ਅਗਲੀ ਸੀਟ 'ਤੇ ਬੈਠਾ ਸੀ। ਫਾਇਰ ਬ੍ਰਿਗੇਡ ਤੇ ਪੁਲਸ ਕਰਮਚਾਰੀਆਂ ਨੇ ਗੱਡੀ ਕੱਟ ਕੇ ਉਸਨੂੰ ਬਾਹਰ ਕੱਢਿਆ ਪਰ ਉਦੋਂ ਤਕ ਉਸਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਜ਼ਖਮੀ ਰਾਮ ਅਵਤਾਰ ਤੇ ਰਾਜਿੰਦਰ ਵਾਲੀ ਭਿੰਡ (ਮੱਧ ਪ੍ਰਦੇਸ਼) ਨੂੰ ਪੀ. ਜੀ. ਆਈ. 'ਚ, ਰਾਮਬਾਣ, ਰਾਜੇਸ਼, ਵਿਨੋਦ, ਵਿਕਾਸ ਨੂੰ ਸੈਕਟਰ-16 ਜਨਰਲ ਹਸਪਤਾਲ 'ਚ ਤੇ ਬਲਬੀਰ ਨੂੰ ਜੀ. ਐੱਮ. ਸੀ. ਐੱਚ.-32 'ਚ ਭਰਤੀ ਕਰਵਾਇਆ। ਡਾਕਟਰਾਂ ਨੇ ਰਾਮਬਾਣ, ਰਾਜੇਸ਼ ਤੇ ਵਿਕਾਸ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ। ਮਨੋਜ ਕੁਮਾਰ ਦੀ ਲਾਸ਼ ਨੂੰ ਸੈਕਟਰ-16 ਜਨਰਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ। ਸੈਕਟਰ-39 ਥਾਣਾ ਪੁਲਸ ਨੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਦਿੱਤਾ।

ਗੱਡੀ 'ਚ ਬੁਰੀ ਤਰ੍ਹਾਂ ਫਸ ਗਿਆ ਨੌਜਵਾਨ
ਸੈਕਟਰ-39 ਥਾਣਾ ਮੁਖੀ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਭਿੰਡ ਵਾਸੀ ਰਾਮ ਅਵਤਾਰ, ਰਾਜਿੰਦਰ, ਮਨੋਜ ਰਾਮਬਾਣ, ਰਾਜੇਸ਼, ਵਿਨੋਦ, ਵਿਕਾਸ ਤੇ ਬਲਬੀਰ ਹਿਮਾਚਲ ਪ੍ਰਦੇਸ਼ 'ਚ ਮਾਤਾ ਜਵਾਲਾ ਜੀ ਦੇ ਦਰਸ਼ਨ ਕਰਕੇ ਆਪਣੇ ਘਰ ਜਾ ਰਹੇ ਸਨ, ਜਦੋਂ ਉਹ ਸੈਕਟਰ 38 ਤੇ 38 ਵੈਸਟ ਵਾਲੀ ਸੜਕ 'ਤੇ ਪਹੁੰਚੇ ਤਾਂ ਸਾਹਮਣਿਓਂ ਆ ਰਹੇ ਟਰੱਕ ਨੇ ਉਨ੍ਹਾਂ ਦੀ ਗੱਡੀ ਨੂੰ ਕੰਡਕਟਰ ਸਾਈਡ 'ਚ ਟੱਕਰ ਮਾਰ ਦਿੱਤੀ। ਕੰਡਕਟਰ ਸਾਈਡ ਦਾ ਪੂਰਾ ਹਿੱਸਾ ਨੁਕਸਾਨਿਆ ਗਿਆ ਤੇ ਅੱਗੇ ਬੈਠਾ ਮਨੋਜ ਗੱਡੀ 'ਚ ਫਸ ਗਿਆ।ਉਥੇ ਹੀ ਕਾਰ ਚਾਲਕ ਵਿਕਾਸ ਨੇ ਆਪਣੇ ਬਾਕੀ 6 ਸਾਥੀਆਂ ਨੂੰ ਗੱਡੀ 'ਚੋਂ ਬਾਹਰ ਕੱਢਿਆ ਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਪੁਲਸ ਤੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚ ਗਈ। ਜਾਂਚ ਅਧਿਕਾਰੀ ਪਰਮਿੰਦਰ ਨੇ ਦੱਸਿਆ ਕਿ ਮ੍ਰਿਤਕ ਮਨੋਜ ਤੇ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਹਾਦਸੇ ਦੀ ਸੂਚਨਾ ਦੇ ਦਿੱਤੀ।

ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਨਹੀਂ ਹੋਇਆ ਟਰੱਕ ਚਾਲਕ
ਸੈਕਟਰ-16 ਜਨਰਲ ਹਸਪਤਾਲ 'ਚ ਭਰਤੀ ਵਿਨੋਦ ਕੁਮਾਰ ਨੇ ਦੱਸਿਆ ਕਿ ਸ਼ਾਹਪੁਰ ਕਾਲੋਨੀ 'ਚ ਰਹਿਣ ਵਾਲੇ ਲੋਕ ਧਮਾਕੇ ਦੀ ਆਵਾਜ਼ ਸੁਣ ਕੇ ਘਰਾਂ ਤੋਂ ਬਾਹਰ ਆ ਗਏ ਸਨ। ਟੱਕਰ ਮਾਰਨ ਵਾਲਾ ਟਰੱਕ ਕਾਫੀ ਰਫਤਾਰ 'ਚ ਸੀ। ਟਰੱਕ ਨੂੰ ਫੜਨ ਲਈ ਪੁਲਸ ਨੇ ਲਾਈਟ ਪੁਆਇੰਟ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਪਰ ਟਰੱਕ ਕੈਮਰਿਆਂ 'ਚ ਕੈਦ ਨਹੀਂ ਹੋਇਆ।