ਜਲੰਧਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਮੁਲਾਜ਼ਮਾਂ ਦੀ ਮੌਤ

12/23/2019 7:14:39 PM

ਜਲੰਧਰ,(ਰਾਜੇਸ਼ ਸੂਰੀ): ਅੱਜ ਦੇਰ ਸ਼ਾਮ ਜਲੰਧਰ 'ਚ ਕਰਤਾਰਪੁਰ ਅਤੇ ਕਿਸ਼ਨਗੜ੍ਹ ਵਿਚਾਲੇ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ 2 ਆਰ. ਸੀ. ਐੱਫ. ਮੁਲਾਜ਼ਮਾਂ ਦੀ ਮੌਤ ਹੋ ਗਈ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਕਿਸ਼ਨਗੜ੍ਹ ਪੁਲਸ ਚੌਕੀ ਦੇ ਇੰਚਾਰਜ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਕ ਕਾਰ 'ਚ ਸਵਾਰ ਦੋ ਆਰ. ਸੀ. ਐੱਫ. ਮੁਲਾਜ਼ਮ ਰਮਨ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਵਾਸੀ ਪਿੰਡ ਸਰੋ ਪਾਏ ਜ਼ਿਲ੍ਹਾ ਕਾਂਗੜਾ ਅਤੇ ਮਦਨ ਸਿੰਘ ਪੁੱਤਰ ਉੱਤਮ ਸਿੰਘ ਵਾਸੀ ਧਨੋਆ ਜ਼ਿਲ੍ਹਾ ਕਾਂਗੜਾ ਕਾਰ 'ਚ ਸਵਾਰ ਹੋ ਕੇ ਕਿਸ਼ਨਗੜ੍ਹ ਤੋਂ ਕਰਤਾਰਪੁਰ ਵੱਲ ਜਾ ਰਹੇ ਸਨ। ਜਦੋਂ ਇਹ ਕਾਰ ਪਿੰਡ ਨੌਗੱਜਾ ਨਜ਼ਦੀਕ ਪਹੁੰਚੀ ਤਾਂ ਸਾਹਮਣੇ ਤੋਂ ਕਰਤਾਰਪੁਰ ਵਾਲੇ ਪਾਸਿਓਂ ਆ ਰਹੇ ਟਰੱਕ ਨਾਲ ਸਿੱਧੀ ਜਾ ਟਕਰਾਈ। ਜਿਸ ਕਾਰਨ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ 'ਚ ਸਵਾਰ ਦੋਵਾਂ ਮੁਲਾਜ਼ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪੁਲਸ ਵਲੋਂ ਟਰੱਕ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ ਹੈ। ਪੁਲਸ ਵਲੋਂ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।