ਭਿਆਨਕ ਸੜਕ ਹਾਦਸੇ ਦੌਰਾਨ 3 ਮਾਸੂਮ ਧੀਆਂ ਦੀ ਮਾਂ ਦੀ ਮੌਤ

10/04/2022 5:28:15 PM

ਗੁਰੂ ਕਾ ਬਾਗ਼ (ਭੱਟੀ) : ਫ਼ਤਹਿਗੜ੍ਹ ਚੂੜੀਆਂ ਦੀ ਵਾਰਡ ਨੰਬਰ-7 ਨਿੰਮ ਵਾਲੀ ਮਸੀਤ ਦੇ ਨਿਵਾਸੀ ਹਰਪ੍ਰੀਤ ਸਿੰਘ, ਉਸਦੀ ਪਤਨੀ ਕੰਵਲਜੀਤ ਕੌਰ ਆਪਣੀ ਭਤੀਜੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਤਿੰਨ ਮਾਸੂਮ ਧੀਆਂ ਸਮੇਤ ਐਕਟਿਵਾ 'ਤੇ ਸਵਾਰ ਹੋ ਕੇ ਜਾ ਰਹੇ ਸਨ। ਜਦੋਂ ਉਹ ਪਿੰਡ ਬੱਲ ਕਲਾਂ ਨਜ਼ਦੀਕ ਪੁੱਜੇ ਤਾਂ ਸੜਕ ਵਿਚਕਾਰ ਪਏ ਡੂੰਘੇ ਟੋਏ ਹੋਣ ਕਰਕੇ ਐਕਟਿਵਾ ਪਿੱਛੇ ਸਵਾਰ ਕੰਵਲਜੀਤ ਕੌਰ ਸਕੂਟਰੀ ਤੋਂ ਹੇਠਾਂ ਸੜਕ 'ਤੇ ਡਿੱਗ ਪਈ, ਜਿਸ ਨੂੰ ਤੁਰੰਤ ਬੇਹੋਸ਼ੀ ਦੀ ਹਾਲਤ ਵਿਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ।

ਇੱਥੇ ਡਾਕਟਰਾਂ ਵੱਲੋਂ ਉਸਦੇ ਦਿਮਾਗ ਦਾ ਆਪਰੇਸ਼ਨ ਵੀ ਕੀਤਾ ਗਿਆ ਪਰ ਸੱਟ ਜ਼ਿਆਦਾ ਹੋਣ ਕਾਰਨ ਕੰਵਲਜੀਤ ਕੌਰ ਦੀ ਮੌਤ ਹੋ ਗਈ। ਉਸ ਦਾ ਅੰਤਿਮ ਸੰਸਕਾਰ ਫ਼ਤਹਿਗੜ੍ਹ ਚੂੜੀਆਂ ਦੇ ਰੇਲਵੇ ਰੋਡ 'ਤੇ ਸਥਿਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ। ਖ਼ੂਨੀ ਸੜਕ ਦਾ ਸ਼ਿਕਾਰ ਹੋਈ 40 ਸਾਲਾਂ ਮ੍ਰਿਤਕ ਕੰਵਲਜੀਤ ਕੌਰ ਆਪਣੇ ਪਿੱਛੇ ਪਤੀ ਹਰਪ੍ਰੀਤ ਸਿੰਘ ਅਤੇ ਤਿੰਨ ਮਾਸੂਮ ਧੀਆਂ ਰਸ਼ਮੀਤ ਕੌਰ (ਉਮਰ 5 ਸਾਲ), ਗੁਰਲੀਨ ਕੌਰ (ਉਮਰ 8 ਸਾਲ) ਅਤੇ ਨਵਰੀਨ ਕੌਰ (ਉਮਰ 12 ਸਾਲ) ਨੂੰ ਛੱਡ ਗਈ ਹੈ। ਕੰਵਲਜੀਤ ਕੌਰ ਦੀ ਸੜਕ ਹਾਦਸੇ ਵਿਚ ਹੋਈ ਬੇਵਕਤੀ ਮੌਤ ਨਾਲ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਜ਼ਿਕਰਯੋਗ ਹੈ ਕਿ ਉਕਤ ਸੜਕ 'ਤੇ ਪ੍ਰਸਾਸ਼ਨ ਦੇ ਅਧਿਕਾਰੀਆਂ ਅਤੇ ਸਬੰਧਿਤ ਠੇਕੇਦਾਰਾਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹੁਣ ਤੱਕ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਪਰ ਅੱਜ ਵੀ ਇਸ ਸੜਕ ਦੇ ਨਿਰਮਾਣ ਕਾਰਜਾਂ ਵਿਚ ਕੋਈ ਤੇਜ਼ੀ ਨਹੀਂ ਲਿਆਂਦੀ ਜਾ ਰਹੀ, ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੜਕ ਨੂੰ ਸਮੇਂ ਸਿਰ ਨਾ ਬਣਾਇਆ ਗਿਆ ਤਾਂ ਆਉਂਦੇ ਕੁੱਝ ਦਿਨਾਂ ਤੱਕ ਸਰਦੀ ਦਾ ਮੌਸਮ ਸ਼ੁਰੂ ਹੋ ਜਾਵੇਗਾ, ਜਿਸ ਕਾਰਨ ਧੁੰਦਾਂ ਪੈਣ ਨਾਲ ਇਸ ਸੜਕ 'ਤੇ ਹੋਰ ਵੀ ਹਾਦਸੇ ਵਾਪਰ ਸਕਦੇ ਹਨ।

Babita

This news is Content Editor Babita