ਸਾਲ 2018 ਨੇ ਇਸ ਤਰ੍ਹਾਂ ਦਿੱਤੀਆਂ ''ਅਸਹਿ ਪੀੜਾਂ'' ਬੁਝੇ ਕਈ ਘਰਾਂ ਦੇ ਚਿਰਾਗ

12/25/2018 5:46:14 PM

ਜਲੰਧਰ (ਸ਼ਾਇਨਾ) : ਸਾਲ 2018 ਹੁਣ ਖਤਮ ਹੋਣ ਜਾ ਰਿਹਾ ਹੈ। ਇਸ ਵਰ੍ਹੇ ਕੁਝ ਅਜਿਹੇ ਭਿਆਨਕ ਹਾਦਸੇ ਵਾਪਰੇ ਜਿਨ੍ਹਾਂ 'ਚ ਕਈ ਕੀਮਤੀ ਜਾਨਾਂ ਤਾਂ ਗਈਆਂ ਹੀ ਨਾਲ ਹੀ ਘਰਾਂ ਦੇ ਘਰ ਵੀ ਉਜੜ ਗਏ। ਅੱਜ 'ਜਗ ਬਾਣੀ' ਤੁਹਾਨੂੰ 2018 'ਚ ਵਾਪਰੇ ਉਨ੍ਹਾਂ ਦਿਲ ਕੰਬਾਅ ਦੇਣ ਵਾਲੇ ਹਾਦਸਿਆਂ ਬਾਰੇ ਜਾਣੂ ਕਰਵਾਉਣ ਜਾ ਰਿਹਾ ਹੈ ਜਿਨ੍ਹਾਂ ਨੂੰ ਸਹਿਜੇ ਕਿਤੇ ਭੁਲਾਇਆ ਨਹੀਂ ਜਾ ਸਕਦਾ। 


ਸਾਲ 2018 ਦੀ ਸ਼ੁਰੂਆਤ ਹੀ ਦਿਲ ਨੂੰ ਝੰਜੋੜ ਦੇਣ ਵਾਲੇ ਹਾਦਸੇ ਨਾਲ ਹੋਈ। ਨਵੇਂ ਸਾਲ ਵਾਲੇ ਦਿਨ ਬਿਆਸ ਨੇੜੇ ਵਾਪਰੇ ਭਿਆਨਕ ਹਾਦਸੇ ਵਿਚ ਜਲੰਧਰ ਦੇ 4 ਲੋਕਾਂ ਦੀ ਮੌਤ ਹੋ ਗਈ। ਅੰਮ੍ਰਿਤਸਰ 'ਚ ਨੈਸ਼ਨਲ ਹਾਈਵੇਅ 'ਤੇ ਬਿਆਸ ਦੇ ਕੋਲ ਫਲਾਈਓਵਰ 'ਤੇ ਚੜ੍ਹਦੇ ਸਮੇਂ ਗੰਨੇ ਨਾਲ ਲੱਦੇ ਟਰੈਕਟਰ-ਟਰਾਲੀ ਦਾ ਹੁੱਕ ਟੁੱਟਣ ਨਾਲ ਟਰਾਲੀ ਵੱਖ ਹੋ ਕੇ ਪਿੱਛੇ ਆ ਰਹੀ ਕਾਰ 'ਚ ਜਾ ਵੱਜੀ। ਇਸ ਹਾਦਸੇ 'ਚ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ ਸੀ।

ਇਸੇ ਦਿਨ ਤਰਨਤਾਰਨ 'ਚ ਵੀ ਭਿਆਨਕ ਹਾਦਸਾ ਵਾਪਰਿਆ ਜਿਸ ਵਿਚ ਪਤੀ-ਪਤਨੀ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ। 


ਹੋਲੀ 'ਤੇ ਬੁੱਝੇ ਇਕੱਠੇ 8 ਚਿਰਾਗ
ਹੋਲੀ ਵਾਲੇ ਦਿਨ ਅੰਮ੍ਰਿਤਸਰ ਦੇ ਇਕ ਪਰਿਵਾਰ 'ਤੇ ਕਹਿਰ ਬਣ ਚੜ੍ਹਿਆ ਅਤੇ ਘਰ ਦੇ 8 ਚਿਰਾਗ ਬੁੱਝ ਗਏ। ਹਾਦਸੇ ਵਿਚ ਜਿਨ੍ਹਾਂ 8 ਲੋਕਾਂ ਦੀ ਮੌਤ ਹੋਈ ਉਹ ਆਪਸ ਵਿਚ ਰਿਸ਼ਤੇਦਾਰ ਸਨ। ਇਹ ਹਾਦਸਾ ਹਿਮਾਚਲ 'ਚ ਬਿਲਾਸਪੁਰ ਜ਼ਿਲੇ ਦੇ ਸਵਾਰਘਾਟ 'ਚ ਹੋਇਆ। ਸਾਰੇ ਮ੍ਰਿਤਕ ਸ੍ਰੀ ਮਣੀਕਰਨ ਸਾਹਿਬ ਤੋਂ ਵਾਪਸ ਆ ਰਹੇ ਸਨ। ਜਿਸ ਗੱਡੀ ਵਿਚ ਉਕਤ ਲੋਕ ਵਾਪਸ ਅੰਮ੍ਰਿਤਸਰ ਪਰਤ ਰਹੇ ਸਨ ਉਹ ਅਚਾਨਕ ਬੇਕਾਬੂ ਹੋ ਕੇ 150 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ। ਮਾਰੇ ਗਏ ਸਾਰੇ ਲੋਕਾਂ ਦੀ ਉਮਰ 25 ਤੋਂ 35 ਸਾਲ ਸੀ।

ਜਲੰਧਰ ਨੇੜੇ ਵਾਪਰਿਆ ਭਿਆਨਕ ਹਾਦਸਾ
ਜਲੰਧਰ-ਅੰਮ੍ਰਿਤਸਰ ਰੋਡ 'ਤੇ ਸਥਿਤ ਪਠਾਨਕੋਟ ਚੌਕ ਨੇੜੇ ਟਾਟਾ ਇੰਡੀਕਾ ਕਾਰ ਦੇ ਡਰਾਇਡਰ ਨਾਲ ਟਕਰਾਉਣ ਕਰਕੇ ਇਹ ਹਾਦਸਾ ਵਾਪਰਿਆ। ਇਸ ਹਾਦਸੇ 'ਚ ਕਾਰ ਸਵਾਰ 3 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਅਤੇ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਕਾਰ ਸਵਾਰ 4 ਨੌਜਵਾਨ ਇੰਡੀਕਾ ਕਾਰ 'ਤੇ ਜਲੰਧਰ ਤੋਂ ਅੰਮ੍ਰਿਤਸਰ ਜਾ ਰਹੇ ਸਨ। ਜਲੰਧਰ ਨੇੜੇ ਪਠਾਨਕੋਟ ਚੌਕ 'ਤੇ ਕਾਰ ਡਿਵਾਈਡਰ ਨਾਲ ਟਕਰਾਅ ਗਈ। ਇਨ੍ਹਾਂ ਸਾਰੇ ਨੌਜਵਾਨਾਂ ਦੀ ਉਮਰ 20 ਸਾਲ ਦੇ ਕਰੀਬ ਸੀ। ਦੱਸਿਆ ਗਿਆ ਸੀ ਕਿ ਉਨ੍ਹਾਂ 4 ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਰਕੇ ਇਹ ਹਾਦਸਾ ਹੋਇਆ।

ਲੁਧਿਆਣਾ-ਬਠਿੰਡਾ ਹਾਈਵੇ 'ਤੇ ਭਿਆਨਕ ਹਾਦਸਾ
ਲੁਧਿਆਣਾ-ਬਠਿੰਡਾ ਮੁੱਖ ਮਾਰਗ 'ਤੇ ਪਿੰਡ ਨਿਹਲੂਵਾਲ (ਬਰਨਾਲਾ) ਨੇੜੇ ਟਰੱਕ ਅਤੇ ਟੈਂਪੂ-ਟ੍ਰੈਵਲ 'ਚ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਨੇ ਚਾਰ ਲੋਕਾਂ ਦੀ ਜਾਨ ਲੈ ਲਈ ਜਦਕਿ 3 ਵਿਅਕਤੀ ਗੰਭੀਰ ਜ਼ਖਮੀ ਹੋਏ ਸਨ।
 

ਦੁਸਹਿਰੇ 'ਤੇ ਅੰਮ੍ਰਿਤਸਰ 'ਚ ਰੇਲ ਹਾਦਸਾ, 60 ਤੋਂ ਵਧੇਰੇ ਗਈਆਂ ਜਾਨਾਂ
ਅੰਮ੍ਰਿਤਸਰ 'ਚ ਦੁਸਹਿਰੇ ਵਾਲੀ ਸ਼ਾਮ 19 ਅਕਤੂਬਰ ਨੂੰ ਅਜਿਹਾ ਰੇਲ ਹਾਦਸਾ ਵਾਪਰਿਆ, ਜਿਸ ਨੇ ਪੂਰੇ ਦੇਸ਼ ਵਿਚ ਸਨਸਨੀ ਫੈਲਾਅ ਦਿੱਤੀ। ਇਸ ਰੇਲ ਹਾਦਸੇ ਵਿਚ ਕਰੀਬ 60 ਤੋਂ ਵੱਧ ਲੋਕ ਮੌਤ ਦੇ ਮੂੰਹ 'ਚ ਚਲੇ ਗਏ। ਇੱਥੇ ਜੌੜਾ ਫਾਟਕ ਕੋਲ ਸਥਿਤ ਇਕ ਮੈਦਾਨ 'ਚ ਲੋਕ ਰਾਵਣ ਦਹਿਨ ਦੇਖ ਰਹੇ ਸਨ। ਇਹ ਸਾਰੇ ਲੋਕ ਰੇਲ ਟਰੈਕ 'ਤੇ ਖੜ੍ਹੇ ਸਨ ਤਾਂ ਤੇਜ਼ ਰਫਤਾਰ ਟਰੇਨ ਦੀ ਲਪੇਟ 'ਚ ਆਉਣ ਨਾਲ 60 ਤੋਂ ਵਧੇਰੇ ਲੋਕਾਂ ਦੀ ਜਾਨ ਚਲੀ ਗਈ ਅਤੇ 70 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਅੰਮ੍ਰਿਤਸਰ ਦੇ ਰੇਲਵੇ ਫਾਟਕ ਨੰਬਰ 27ਸੀ ਕੋਲ ਵਾਪਰਿਆ। 


ਵਿਆਹ ਤੋਂ ਪਰਤ ਰਹੇ ਪਰਿਵਾਰ ਨਾਲ ਭਿਆਨਕ ਹਾਦਸਾ, ਤਿੰਨ ਦੀ ਮੌਤ
ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਮਾਰਗ 'ਤੇ ਪਿੰਡ ਬੱਬੇਹਾਲੀ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ 'ਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਪਤਨੀ ਅਤੇ ਧੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਇਕ ਵਿਆਹ ਸਮਾਗਮ ਤੋਂ ਪਰਤ ਰਹੇ ਸਨ।

ਫਿਲੌਰ ਨੇੜੇ ਵਾਪਰਿਆ ਹਾਦਸਾ, ਬੱਸ ਤੇ ਟਰੱਕ ਦੀ ਟੱਕਰ
ਫਿਲੌਰ 'ਚ ਹੋਏ ਸੜਕ ਹਾਦਸੇ 'ਚ ਤਿੰਨ ਜਾਣਿਆਂ ਦੀ ਮੌਤ ਤੇ ਕਈ ਜ਼ਖਮੀ ਹੋ ਗਏ ਸਨ। ਇਹ ਹਾਦਸਾ ਫਿਲੌਰ ਦੇ ਨਜ਼ਦੀਕੀ ਪਿੰਡ ਬੱਡੋਵਾਲ ਹਾਈਵੇਅ 'ਤੇ ਹੋਇਆ। ਜਿੱਥੇ ਤੇਜ਼ ਰਫਤਾਰ ਨਿੱਜੀ ਕੰਪਨੀ ਦੀ ਬੱਸ ਦੀ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਮੌਕੇ 'ਤੇ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਤੇ ਹਾਦਸੇ 'ਚ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ।

Shyna

This news is Content Editor Shyna