ਬੱਸ ਨੇ ਥ੍ਰੀ-ਵੀਲਰ ਨੂੰ ਮਾਰੀ ਟੱਕਰ, ਇਕ ਮਹਿਲਾ ਦੀ ਮੌਤ ਤੇ 4 ਜ਼ਖਮੀ

07/27/2019 9:25:08 PM

ਤਰਨਤਾਰਨ/ਚੋਹਲਾ ਸਾਹਿਬ,(ਰਾਕੇਸ਼ ਨਈਅਰ) : ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ 'ਤੇ ਪਿੰਡ ਮਰਹਾਣਾ ਵਿਖੇ ਪੰਜਾਬ ਰੋਡਵੇਜ਼ ਦੀ ਬੱਸ ਤੇ ਥ੍ਰੀ-ਵੀਲਰ ਦੀ ਹੋਈ ਟੱਕਰ 'ਚ ਇਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 4 ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਪੀ. ਆਰ. ਟੀ. ਸੀ. ਦੀ ਬੱਸ ਜੋ ਕਿ ਹਰੀਕੇ ਪੱਤਣ ਵਾਲੀ ਸਾਈਡ ਤੋਂ ਤਰਨਤਾਰਨ ਨੂੰ ਜਾ ਰਹੀ ਸੀ ਕਿ ਪਿੰਡ ਮਰਹਾਣਾ ਦੇ ਅੱਡੇ ਵਿਖੇ ਖੜਾ ਇਕ ਥ੍ਰੀ-ਵੀਲਰ ਜੋ ਸਵਾਰੀਆਂ ਨੂੰ ਉਤਾਰ ਰਿਹਾ ਸੀ ਨੂੰ ਪਿੱਛੋਂ ਜ਼ਬਰਦਸਤ ਟੱਕਰ ਮਾਰ ਦਿੱਤੀ। ਜਿਸ ਕਾਰਨ ਥ੍ਰੀ-ਵੀਲਰ ਸਵਾਰ ਇਕ ਔਰਤ ਬਲਵਿੰਦਰ ਕੌਰ ਪਤਨੀ ਹਰਦੀਪ ਸਿੰਘ ਵਾਸੀ ਮਰਹਾਣਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਥ੍ਰੀ-ਵੀਲਰ ਸਵਾਰ ਪਰਮਜੀਤ ਕੌਰ, ਰਾਜ ਕੌਰ, ਬਲਵਿੰਦਰ ਕੌਰ ਤੇ ਹਰਜੀਤ ਕੌਰ ਸਾਰੇ ਵਾਸੀ ਮਰਹਾਣਾ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਵਿਖੇ ਲਿਜਾਇਆ ਗਿਆ। ਇਸ ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ। ਇਸ ਹਾਦਸੇ ਦੀ ਖਬਰ ਮਿਲਦੇ ਹੀ ਡੀ. ਐਸ. ਪੀ. ਗੋਇੰਦਵਾਲ ਤੇ ਥਾਣਾ ਚੋਹਲਾ ਸਾਹਿਬ ਦੇ ਐਸ. ਐਚ. ਓ. ਮੈਡਮ ਸੋਨਮਦੀਪ ਕੌਰ ਤੁਰੰਤ ਘਟਨਾ ਸਥਾਨ 'ਤੇ ਪੁੱਜ ਗਏ ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਗੁੱਸੇ 'ਚ ਆਏ ਪਿੰਡ ਮਰਹਾਣਾ ਦੇ ਵਾਸੀਆਂ ਵਲੋਂ ਸੜਕ ਨੂੰ ਬੰਦ ਕਰਕੇ ਜਾਮ ਲਗਾ ਦਿਤਾ ਗਿਆ ਜੋ ਦੇਰ ਤੱਕ ਜਾਰੀ ਰਿਹਾ। ਬਾਅਦ 'ਚ ਪ੍ਰਸ਼ਾਸਨ ਵਲੋਂ ਮੌਕੇ 'ਤੇ ਪੁੱਜ ਕੇ ਤਹਿਸੀਲਦਾਰ ਮੇਲਾ ਸਿੰਘ ਵਲੋਂ ਵਿਸ਼ਵਾਸ ਦਿਵਾਉਣ 'ਤੇ ਇਹ ਧਰਨਾ ਹਟਾਇਆ ਗਿਆ।