ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ ਪਤੀ-ਪਤਨੀ ਦੀ ਮੌਤ

10/08/2019 9:31:37 PM

ਅਬੋਹਰ,(ਸੁਨੀਲ): ਅਬੋਹਰ-ਫਾਜ਼ਿਲਕਾ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਪਿੰਡ ਖੂਈਖੇੜਾ ਨੇੜੇ ਅੱਜ ਸੜਕ ਹਾਦਸੇ ਦੌਰਾਨ ਪੰਜਾਬੀ ਲੈਕਚਰਾਰ ਤੇ ਉਸ ਦੇ ਪਤੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਪਿੰਡ ਖੂਈਖੇੜ ਦੇ ਕੈਬਨਿਟ ਸਰਵਹਿੱਤਕਾਰੀ ਵਿੱਦਿਆ ਮੰਦਰ ਦੀ ਪੰਜਾਬੀ ਦੀ ਲੈਕਚਰਾਰ ਸੁਮਨ ਤੇ ਉਸ ਦੇ ਪਤੀ ਮੈਡੀਕਲ ਸੰਚਾਲਕ ਪ੍ਰਵੀਨ ਕੁਮਾਰ ਨਿਵਾਸੀ ਪਿੰਡ ਖੂਈਖੇੜਾ ਰੋਡ 'ਤੇ ਸੈਰ ਕਰ ਰਹੇ ਸਨ। ਇਸ ਦੌਰਾਨ ਅਬੋਹਰ ਵੱਲੋਂ ਆ ਰਹੀ ਇਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਟਕੱਰ ਮਾਰ ਦਿੱਤੀ। ਇਸ ਦੇ ਨਾਲ ਹੀ ਰੋਡ 'ਤੇ ਜਾ ਰਿਹਾ ਇਕ ਰਿਕਸ਼ਾ ਚਾਲਕ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਨੇੜੇ-ਤੇੜੇ ਦੇ ਲੋਕਾਂ ਨੇ ਪਤੀ-ਪਤਨੀ ਨੂੰ ਸਰਕਾਰੀ ਹਸਪਤਾਲ ਫਾਜ਼ਿਲਕਾ ਪਹੁੰਚਾਇਆ, ਜਿਥੇ ਦੋਵਾਂ ਦੀ ਮੌਤ ਹੋ ਗਈ।

ਇਸ ਮੌਕੇ ਪਤੀ-ਪਤਨੀ ਦੀ ਮੌਤ 'ਤੇ ਅਬੋਹਰ ਸਰਵਹਿੱਤਕਾਰੀ ਵਿਦਿਆ ਮੰਦਰ ਦੀ ਪ੍ਰਿੰਸੀਪਲ ਕਿਰਨ ਤਿੰਨਾ, ਪ੍ਰਿੰਸੀਪਲ ਅੰਜਲੀ ਤਨੇਜਾ, ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰ ਧਨਪਤ ਸਿਆਗ, ਵਿਨੀਤ ਚੋਪੜਾ, ਵਿਕਰਮ ਗਰਗ, ਸੀਤਾ ਰਾਮ ਸ਼ਰਮਾ, ਡਾ. ਵਿਸ਼ਾਲ ਤਨੇਜਾ, ਰਾਕੇਸ਼ ਰਹੇਜਾ, ਡਾ. ਜਗਦੀਸ਼ ਟਕੱਰ, ਲਲਿਤ ਸੋਨੀ, ਦੀਪਕ ਮਹਿਤਾ ਆਦਿ ਨੇ ਸ਼ੋਕ ਪ੍ਰਗਟ ਕੀਤਾ ਤੇ ਪੁਲਸ ਤੋਂ ਕਾਰ ਚਾਲਕ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।