ਸੜਕੀ ਦੁਰਘਟਨਾਵਾਂ ਰੋਕਣ ਲਈ ਕੇਂਦਰ ਸਰਕਾਰ ਦੇਵੇਗੀ 260 ਕਰੋੜ, ਸੰਸਦ ਮੈਂਬਰ ਔਜਲਾ ਨੇ ਲੋਕ ਸਭਾ ’ਚ ਉਠਾਇਆ ਮੁੱਦਾ

03/18/2021 4:24:14 PM

ਅੰਮ੍ਰਿਤਸਰ (ਮਮਤਾ) - ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਭਾਰੀ ਟ੍ਰੈਫਿਕ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਦਾ ਮੁੱਦਾ ਉਠਾਉਂਦਿਆਂ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਕੋਲੋਂ ਇਸ ਸਬੰਧੀ ਉਚੇਚਾ ਧਿਆਨ ਦੇਣ ਦੀ ਮੰਗ ਕੀਤੀ ਹੈ। ਇਸ ਦੇ ਜਵਾਬ ’ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੰਮ੍ਰਿਤਸਰ ਤੋਂ ਅਟਾਰੀ 6 ਲੇਨ ਅਤੇ ਏਅਰਪੋਰਟ ਅੰਮ੍ਰਿਤਸਰ ਨੂੰ ਜਾਣ ਵਾਲੀ ਸੜਕ ਨੂੰ ਛੇ ਮਾਰਗੀ ਕਰਨ ਸਬੰਧੀ ਜਾਣਕਾਰੀ ਦਿੱਤੀ। ਲੋਕ ਸਭਾ ’ਚ ਬੋਲਦਿਆਂ ਔਜਲਾ ਨੇ ਕਿਹਾ ਕਿ ਢਿੱਲਵਾਂ ਤੋਂ ਅੰਮ੍ਰਿਤਸਰ ਦੇ ਰੱਖ-ਰਖਾਅ ਤੇ ਮੁਰੰਮਤ ਵਿਚ ਖਾਮੀਆਂ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਉਨ੍ਹਾਂ ਕਿਹਾ ਕਿ ਢਿੱਲਵਾਂ ਤੋਂ ਅੰਮ੍ਰਿਤਸਰ ਅਤੇ ਗੋਲਡਨ ਗੇਟ ਤੋਂ ਇੰਡੀਆ ਗੇਟ ਤੱਕ ਵਧੇਰੇ ਟ੍ਰੈਫਿਕ ਹੋਣ ਕਾਰਨ ਹਰ ਰੋਜ਼ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ, ਜੋ ਸਾਡੇ ਲਈ ਸ਼ਰਮਨਾਕ ਗੱਲ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜਲੰਧਰ ਤੋਂ ਢਿੱਲਵਾਂ ਵਿਚਕਾਰ ਨਿਰਮਾਣ ’ਚ ਕਮੀਆਂ ਕਾਰਨ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਮਾਨਾਂਵਾਲਾ ਤੋਂ ਇੰਡੀਆ ਗੇਟ ਤੱਕ 6 ਲੇਨ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਅੰਮ੍ਰਿਤਸਰ ਨੂੰ ਜਾਣ ਲਈ ਐਲੀਵੇਟਡ ਰੋਡ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। 

ਉਨ੍ਹਾਂ ਨੇ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 15 ਦੀ ਸੜਕ ਜਿਹੜੀ ਭਾਰੀ ਟ੍ਰੈਫ਼ਿਕ ਕਾਰਨ ਬੈਠ ਚੁੱਕੀ ਹੈ, ਇਸ ਬਾਰੇ ਵੀ ਕੇਂਦਰੀ ਮੰਤਰੀ ਦੇ ਧਿਆਨ ਵਿਚ ਲਿਆਂਦਾ। ਔਜਲਾ ਨੇ ਅੰਮ੍ਰਿਤਸਰ ਤੋਂ ਵੇਰਕਾ ਵਿਚਕਾਰ ਲਾਈਟਾਂ ਨਾ ਹੋਣ ਕਾਰਨ ਹਾਦਸਿਆਂ ਦੇ ਹੋਣ ਬਾਰੇ ਕੇਂਦਰੀ ਮੰਤਰੀ ਨੂੰ ਜਾਣਕਾਰੀ ਦਿੱਤੀ।

ਇਸ ਗੱਲ ਦੇ ਜਵਾਬ ’ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੈਂਬਰ ਪਾਰਲੀਮੈਂਟ ਔਜਲਾ ਦੀ ਗੱਲ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ 2010 ’ਚ, ਜਿਸ ਕੰਪਨੀ ਨੂੰ ਬੀ.ਓ.ਟੀ ਤਹਿਤ ਸੜਕਾਂ ਦੀ ਮੁਰੰਮਤ ਕਰਨ ਤੇ ਰੱਖ-ਰਖਾਵ ਲਈ ਠੇਕਾ ਦਿੱਤਾ ਗਿਆ ਸੀ, ਉਸ ਕੰਪਨੀ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕੰਪਨੀ ਨੂੰ ਟਰਮਿਨੇਟ ਕਰ ਦਿੱਤਾ ਗਿਆ। 4 ਬਲੈਕ ਸਪੋਰਟ ਜਿੱਥੇ ਵਧੇਰੇ ਹਾਦਸੇ ਹੁੰਦੇ ਹਨ, ਉਨ੍ਹਾਂ ਖਤਮ ਕਰਕੇ ਹਾਦਸਿਆਂ ਨੂੰ ਘਟਾਉਣ ਲਈ 260 ਕਰੋੜ ਖ਼ਰਚ ਕੀਤੇ ਜਾ ਰਹੇ ਹਨ। ਜਿੱਥੇ ਲਾਇਟਾਂ ਦੀ ਜ਼ਰੂਰਤ ਹੈ, ਉਸ ਜਗਾ ਲਾਈਟਾਂ ਲਗਾਈਆਂ ਜਾਣਗੀਆਂ।

ਇਸਦੇ ਨਾਲ ਹੀ ਉਨ੍ਹਾਂ ਨੇ ਦਿੱਲੀ-ਅੰਮ੍ਰਿਤਸਰ-ਕਟੜਾ ਬਾਰੇ ਗੱਲ ਕਰਦਿਆਂ ਕਿਹਾ ਕਿ ਹਾਈਵੇ ਬਣਨ ਨਾਲ ਟ੍ਰੈਫ਼ਿਕ ਘੱਟ ਹੋਵੇਗੀ ਅਤੇ ਹਾਦਸੇ ਵੀ ਘਟਣਗੇ। ਗਡਕਰੀ ਨੇ ਕਿਹਾ ਕਿ ਅੰਮ੍ਰਿਤਸਰ ਏਅਰਪੋਰਟ ਲਈ 6 ਲੇਨ ਐਲੀਵੇਟਡ ਰੋਡ ਬਣਾਉਣ ਲਈ ਡੀ. ਪੀ. ਆਰ ਅਧੀਨ ਕੰਮ ਚਲ ਰਿਹਾ ਹੈ। ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਸੜਕੀ ਆਵਾਜਾਈ ਵਿਭਾਗ ਪੂਰੀ ਤਰਾਂ ਵਚਨਬੱਧ ਹੈ।


rajwinder kaur

Content Editor

Related News