ਦੂਸ਼ਿਤ ਪਾਣੀ ਤੋਂ ਛੁਟਕਾਰਾ ਦੁਆਉਣ ਲਈ ਲੋਕਾਂ ਨੂੰ ਦਿਆਂਗੇ ਆਰ. ਓ. : ਜਿੰਪਾ

02/08/2023 1:12:40 PM

ਜਲੰਧਰ (ਧਵਨ) : ਮੁੱਖ ਮੰਤਰੀ ਭਗਵੰਤ ਮਾਨ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਹੁਸ਼ਿਆਰਪੁਰ ਵਿਧਾਨ ਸਭਾ ਸੀਟ ਤੋਂ ਚੁਣੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਪੰਡਿਤ ਬ੍ਰਹਮਸ਼ੰਕਰ ਜਿੰਪਾ ਨੂੰ ਮਾਲ, ਮੁੜ ਵਸੇਬਾ ਅਤੇ ਪਾਣੀ ਸੋਮਿਆਂ ਬਾਰੇ ਵਿਭਾਗਾਂ ਦਾ ਮੰਤਰੀ ਬਣਾਇਆ ਹੈ। ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਸੁੰਦਰ ਸ਼ਿਆਮ ਅਰੋੜਾ ਨੂੰ ਹਰਾਉਣ ਵਾਲੇ ਜ਼ਿੰਪਾ ਨੇ ਪੰਜਾਬ ਨਾਲ ਸਬੰਧਤ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ, ਜਿਸ ਦੇ ਮੁੱਖ ਅੰਸ਼ ਹੇਠ ਲਿਖੇ ਅਨੁਸਾਰ ਹਨ :

ਸਵਾਲ : ਤੁਸੀਂ ਪੰਜਾਬ ਦੇ ਮਾਲਵਾ ਖੇਤਰ ਵਿਚ ਦੂਸ਼ਿਤ ਪਾਣੀ ਦੀ ਸਪਲਾਈ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਨਲਾਈਨ ਲੋਕ ਅਦਾਲਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦਾ ਕੀ ਪ੍ਰਭਾਵ ਹੋਵੇਗਾ?
ਜਵਾਬ : ਮਾਲਵੇ ਦੇ ਇਲਾਕੇ ’ਚ ਦੂਸ਼ਿਤ ਪਾਣੀ ਦੀ ਸਮੱਸਿਆ ਬਹੁਤ ਪੁਰਾਣੀ ਹੈ। ਪਿਛਲੀ ਕੋਈ ਵੀ ਸਰਕਾਰ ਇਸ ਸਮੱਸਿਆ ਦਾ ਹੱਲ ਨਹੀਂ ਕਰ ਸਕੀ। ਪਾਣੀ ਦੀ ਸਪਲਾਈ ਸਬੰਧੀ ਪਹਿਲੀ ਲੋਕ ਅਦਾਲਤ ਲਾਈ ਗਈ ਹੈ। ਆਉਣ ਵਾਲੇ ਸਮੇਂ ਵਿਚ ਅਜਿਹੀਆਂ ਹੋਰ ਲੋਕ ਅਦਾਲਤਾਂ ਲਾਈਆਂ ਜਾਣਗੀਆਂ। ਲੋਕ ਅਦਾਲਤ ਵਿਚ ਉਹ ਵਿਭਾਗ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਬੁਲਾਉਂਦੇ ਹਨ। ਸ਼ਿਕਾਇਤਕਰਤਾ ਵੀ ਹਾਜ਼ਰ ਹੁੰਦਾ ਹੈ। ਅਧਿਕਾਰੀਆਂ ਨੂੰ ਪਹਿਲੀ ਲੋਕ ਅਦਾਲਤ ਤੋਂ ਬਾਅਦ 15 ਦਿਨਾਂ ਵਿਚ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਕਿਹਾ ਗਿਆ ਹੈ। ਜੇ ਕਿਸੇ ਦੀ ਸ਼ਿਕਾਇਤ ਦਾ ਨਿਪਟਾਰਾ ਨਹੀਂ ਹੁੰਦਾ ਤਾਂ ਉਹ 15 ਦਿਨਾਂ ਬਾਅਦ ਦੁਬਾਰਾ ਮਿਲਣ ਲਈ ਆ ਸਕਦਾ ਹੈ।

ਸਵਾਲ : ਪਾਣੀ ਦੀ ਸਪਲਾਈ ਦੀ ਸਮੱਸਿਆ ਬਾਰੇ ਹਰ ਮਹੀਨੇ ਕਿੰਨੀਆਂ ਲੋਕ ਅਦਾਲਤਾਂ ਲਾਈਆਂ ਜਾਣਗੀਆਂ?
ਜਵਾਬ : ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ’ਤੇ ਅਜਿਹੀਆਂ ਲੋਕ ਅਦਾਲਤਾਂ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਹਰ 15 ਦਿਨਾਂ ਬਾਅਦ ਆਨਲਾਈਨ ਲੋਕ ਅਦਾਲਤ ਲਾਈ ਜਾਵੇਗੀ। ਲੋਕ ਅਦਾਲਤ ਇਸ ਲਈ ਵੀ ਲਾਈ ਗਈ ਹੈ ਤਾਂ ਜੋ ਜਿਨ੍ਹਾਂ ਖੇਤਰਾਂ ਵਿਚ ਅਸੀਂ ਨਹੀਂ ਪਹੁੰਚ ਸਕਦੇ, ਉੱਥੋਂ ਦੇ ਲੋਕ ਆਪਣੀਆਂ ਸ਼ਿਕਾਇਤਾਂ ਸਰਕਾਰ ਕੋਲ ਰੱਖ ਸਕਦੇ ਹਨ। ਸਰਕਾਰ ਉਨ੍ਹਾਂ ਦਾ ਨਿਪਟਾਰਾ ਕਰ ਸਕਦੀ ਹੈ।

ਇਹ ਵੀ ਪੜ੍ਹੋ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਕੌਮੀ ਇਨਸਾਫ਼ ਮੋਰਚੇ ''ਚ ਸ਼ਾਮਲ ਹੋਣ ਦਾ ਕੀਤਾ ਐਲਾਨ

ਸਵਾਲ : ਮਾਲਵਾ ਖੇਤਰ ਵਿਚ ਦੂਸ਼ਿਤ ਪਾਣੀ ਦੀ ਸਮੱਸਿਆ ਬਹੁਤ ਪੁਰਾਣੀ ਹੈ। ਇਸ ਦਾ ਹੱਲ ਕਿਵੇਂ ਹੋਵੇਗਾ?
ਜਵਾਬ : ਮਾਲਵਾ ਖੇਤਰ ਦੇ ਕਈ ਘਰਾਂ ਵਿਚ ਅਜੇ ਵੀ ਦੂਸ਼ਿਤ ਪਾਣੀ ਸਪਲਾਈ ਹੋ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਪ੍ਰਦੂਸ਼ਿਤ ਹੋ ਚੁੱਕਾ ਹੈ। ਭਾਵੇਂ ਭਗਵੰਤ ਮਾਨ ਸਰਕਾਰ ਨੇ ਦੂਸ਼ਿਤ ਪਾਣੀ ਦੀ ਸਪਲਾਈ ਨੂੰ ਰੋਕਣ ਲਈ ਕਈ ਇਲਾਕਿਆਂ ਵਿਚ ਆਰ.ਓ. ਸਿਸਟਮ ਚਾਲੂ ਕਰ ਦਿੱਤੇ ਹਨ ਪਰ ਅਜੇ ਵੀ ਕਈ ਕਦਮ ਚੁੱਕਣੇ ਬਾਕੀ ਹਨ।

ਸਵਾਲ : ਮਾਲਵੇ ਵਿਚ ਦੂਸ਼ਿਤ ਪਾਣੀ ਦੀ ਸਮੱਸਿਆ ਕਦੋਂ ਤਕ ਹੱਲ ਹੋਵੇਗੀ?
ਜਵਾਬ : ਵਿਸ਼ਵ ਬੈਂਕ ਅਤੇ ਨਾਬਾਰਡ ਦੀ ਮਦਦ ਨਾਲ ਕਈ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਜਿਨ੍ਹਾਂ ਇਲਾਕਿਆਂ ’ਚ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ, ਉਥੇ ਘਰਾਂ ’ਚ ਹੁਣ ਆਰ.ਓ. ਦੀ ਮਦਦ ਨਾਲ ਸਾਫ ਪਾਣੀ ਪਹੁੰਚਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਮਾਲਵਾ ਖੇਤਰ ਦੇ ਲੋਕਾਂ ਦੇ ਘਰਾਂ ਤਕ ਸ਼ੁੱਧ ਪਾਣੀ ਦੀ ਸਪਲਾਈ ਲਈ ਵਚਨਬੱਧ ਹਨ। ਸੰਸਦ ਮੈਂਬਰ ਹੁੰਦਿਆਂ ਵੀ ਉਹ ਮਾਲਵੇ ਦੇ ਉਨ੍ਹਾਂ ਇਲਾਕਿਆਂ ਦਾ ਦੌਰਾ ਕਰਦੇ ਸਨ, ਜਿੱਥੇ ਦੂਸ਼ਿਤ ਪਾਣੀ ਸਪਲਾਈ ਹੁੰਦਾ ਸੀ। ਹੁਣ ਮੁੱਖ ਮੰਤਰੀ ਨਾਲ ਲੋਕਾਂ ਨੂੰ ਆਰ. ਓ. ਸਿਸਟਮ ਮੁਹੱਈਆ ਕਰਵਾਉਣ ’ਤੇ ਵਿਚਾਰ ਕਰਾਂਗੇ। ਅਸੀਂ ਉਮੀਦ ਕਰਦੇ ਹਾਂ ਕਿ ਮੁੱਖ ਮੰਤਰੀ ਇਸ ਯੋਜਨਾ ਨੂੰ ਆਪਣੀ ਮਨਜ਼ੂਰੀ ਦੇਣਗੇ।

ਸਵਾਲ : ਤੁਸੀਂ ਜਲ ਸਪਲਾਈ ਵਿਭਾਗ ਵਿਚ ਆਨਲਾਈਨ ਅਦਾਲਤਾਂ ਲਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹੋ ਪਰ ਮਾਲ ਵਿਭਾਗ ਨੂੰ ਲੈ ਕੇ ਵੀ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ?
ਜਵਾਬ : ਇਹ ਠੀਕ ਹੈ ਕਿ ਸਾਨੂੰ ਮਾਲ ਵਿਭਾਗ ਨੂੰ ਲੈ ਕੇ ਵੀ ਨਵੀਂ ਯੋਜਨਾ ਤਿਆਰ ਕਰਨੀ ਪਵੇਗੀ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ।

ਸਵਾਲ : ਕੀ ਮਾਲ ਵਿਭਾਗ ਵਿਚ ਵੀ ਲੋਕਾਂ ਨਾਲ ਸਿੱਧਾ ਆਹਮੋ-ਸਾਹਮਣੇ ਸੰਪਰਕ ਹੋਵੇਗਾ ਤਾਂ ਜੋ ਉਹ ਭ੍ਰਿਸ਼ਟਾਚਾਰ ਤੋਂ ਛੁਟਕਾਰਾ ਪਾ ਸਕਣ?
ਜਵਾਬ : ਇਹ ਠੀਕ ਹੈ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਮਾਲ ਵਿਭਾਗ ਵਿਚ ਵੀ ਲੋਕ ਅਦਾਲਤਾਂ ਵਰਗੇ ਕਦਮ ਚੁੱਕੇ ਜਾਣਗੇ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕੀਤੀ ਜਾਵੇਗੀ। ਜਲਦੀ ਹੀ ਇਸ ਸਬੰਧੀ ਯੋਜਨਾ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਅਸੀਂ ਚਾਹੁੰਦੇ ਹਾਂ ਕਿ ਤਹਿਸੀਲਾਂ ਵਿਚ ਵੀ ਅਜਿਹੀਆਂ ਲੋਕ ਅਦਾਲਤਾਂ ਲਾਈਆਂ ਜਾਣ, ਜਿਨ੍ਹਾਂ ਵਿਚ ਲੋਕ ਅੱਗੇ ਆ ਕੇ ਆਪਣੀਆਂ ਸ਼ਿਕਾਇਤਾਂ ਪੇਸ਼ ਕਰ ਸਕਣ। ਜੇ ਕਿਸੇ ਦੀ ਰਜਿਸਟਰੀ ਨਹੀਂ ਹੋਈ ਹੈ ਤਾਂ ਉਹ ਦੱਸ ਸਕਦਾ ਹੈ ਕਿ ਕਿਸ ਅਧਿਕਾਰੀ ਨੇ ਉਸ ਦਾ ਕੰਮ ਰੁਕਵਾਇਆ ਹੈ। ਭਾਵੇਂ ਕਿਸੇ ਦਾ ਇੰਤਕਾਲ ਨਹੀਂ ਹੋਇਅਾ , ਉਹ ਦੱਸ ਸਕਦਾ ਹੈ ਕਿ ਕਿਸ ਅਧਿਕਾਰੀ ਨੇ ਰੋੜੇ ਅਟਕਾਏ ਹਨ।

ਇਹ ਵੀ ਪੜ੍ਹੋ : ਸੰਗਰੂਰ ਪੁਲਸ ਨੂੰ ਮਿਲੀ ਸਫ਼ਲਤਾ, ਕਤਲ ਕਰਨ ਵਾਲੇ 3 ਦੋਸ਼ੀਆਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ    

ਸਵਾਲ : ਕੀ ਇਹਨਾਂ ਮਾਲੀਅਾ ਕੈਂਪਾਂ ਦਾ ਵੀ ਉਸਾਰੂ ਅਸਰ ਪਏਗਾ?
ਜਵਾਬ : ਇਹ ਸੱਚ ਹੈ ਕਿ ਅਜਿਹੇ ਕੈਂਪਾਂ ਦੇ ਉਸਾਰੂ ਪ੍ਰਭਾਵ ਸਾਹਮਣੇ ਆਉਂਦੇ ਹਨ। ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇਗੀ। ਇਸ ਦੇ ਨਾਲ ਹੀ ਲੋਕਾਂ ਦੇ ਕੰਮ ਵੀ ਤੇਜ਼ੀ ਨਾਲ ਕੀਤੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਤੈਅ ਕੀਤਾ ਜਾਵੇਗਾ ਕਿ ਅਜਿਹੇ ਕੈਂਪ ਕਦੋਂ ਤੋਂ ਲਾਏ ਜਾਣਗੇ?

ਸਵਾਲ : ਤਹਿਸੀਲਾਂ ਵਿਚ ਲੋਕਾਂ ਨੂੰ ਅੱਜ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੰਨਾ ਚਿਰ ਲੋਕਾਂ ਦੇ ਕੰਮ ਬਿਨਾਂ ਕਿਸੇ ਅੜਿੱਕੇ ਤੋਂ ਪੂਰੇ ਨਹੀਂ ਹੁੰਦੇ, ਉਦੋਂ ਤਕ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਿਆ ਨਹੀਂ ਜਾਵੇਗਾ?
ਜਵਾਬ :  ਇਹ ਸੱਚ ਹੈ ਕਿ ਤਹਿਸੀਲਾਂ ਵਿਚ ਕੁਝ ਸੁਧਾਰ ਹੋਇਆ ਹੈ ਅਤੇ ਭ੍ਰਿਸ਼ਟਾਚਾਰ ਨੂੰ ਵੀ ਠੱਲ੍ਹ ਪਈ ਹੈ ਪਰ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਸਰਕਾਰ ਇਸ ਪ੍ਰਤੀ ਗੰਭੀਰ ਹੈ ਅਤੇ ਮੁੱਖ ਮੰਤਰੀ ਵੀ ਚਾਹੁੰਦੇ ਹਨ ਕਿ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਖਤਮ ਹੋਵੇ। ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ। ਉਸ ਤੋਂ ਬਿਨਾਂ ਸਰਕਾਰ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕੇਗੀ।

ਸਵਾਲ : ਪਿਛਲੀ ਕਾਂਗਰਸ ਸਰਕਾਰ ਦੇ ਮੁਕਾਬਲੇ ਮੌਜੂਦਾ ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ’ਤੇ ਕਿਸ ਹੱਦ ਤਕ ਨੱਥ ਪਾ ਸਕੀ ਹੈ?
ਜਵਾਬ : ਪਿਛਲੀ ਸਰਕਾਰ ਦੌਰਾਨ ਹਰ ਮਹਿਕਮੇ ਵਿਚ ਭ੍ਰਿਸ਼ਟਾਚਾਰ ਸਿਖਰਾਂ ’ਤੇ ਸੀ। ਵਿਜੀਲੈਂਸ ਬਿਊਰੋ ਨੇ ਕਈ ਸਾਬਕਾ ਮੰਤਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਭ੍ਰਿਸ਼ਟਾਚਾਰ ਦੇ ਕਾਰਨਾਮੇ ਸਭ ਦੇ ਸਾਹਮਣੇ ਹਨ। ਆਉਣ ਵਾਲੇ ਸਮੇਂ ਵਿਚ ਭ੍ਰਿਸ਼ਟਾਚਾਰ ਦੇ ਹੋਰ ਵੀ ਘਪਲੇ ਸਾਹਮਣੇ ਆਉਣਗੇ। ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਭ੍ਰਿਸ਼ਟਾਚਾਰੀ ਕੌਣ ਹੈ। ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਅਤ ਬਹੁਤ ਸਾਫ਼ ਹੈ। ਉਹ ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਕੋਲਕਾਤਾ ਜਾ ਰਹੇ ਜਹਾਜ਼ ਦਾ 5000 ਫੁੱਟ ਦੀ ਉਚਾਈ ’ਤੇ ਇੰਜਣ ਹੋਇਆ ਬੰਦ, ਵਾਲ-ਵਾਲ ਬਚੇ ਯਾਤਰੀ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Anuradha

This news is Content Editor Anuradha