ਹੁਣ ਇਸ ਤਰ੍ਹਾਂ ਨਦੀਆਂ-ਨਾਲਿਆਂ ਦੇ ਗੰਧਲੇ ਪਾਣੀ ''ਚ ਪੈਦਾ ਹੋਵੇਗੀ ਆਕਸੀਜ਼ਨ

05/21/2019 6:44:46 PM

ਪਟਿਆਲਾ,(ਰਣਜੀਤ): ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸੂਬੇ ਭਰ ਦੇ ਨਦੀਆਂ-ਨਾਲਿਆਂ 'ਚ ਚੱਲ ਰਹੇ ਗੰਧਲੇ ਪਾਣੀ 'ਚ ਆਕਸੀਜ਼ਨ ਦੀ ਕਮੀ ਨੂੰ ਦੂਰ ਕਰਨ ਪਹਿਲਾ ਪੈਡਲ ਏਈਰੇਟਰ ਅੱਜ ਪਟਿਆਲਾ ਦੇ ਪਿੰਡ ਛਪਰਹੇੜੀ 'ਚ ਪੈਂਦੀ ਨਦੀ 'ਚ ਲਗਾਇਆ ਗਿਆ, ਜਿਸ ਦਾ ਸਫਲ ਪ੍ਰੀਖਣ ਕੀਤਾ ਗਿਆ ਹੈ। ਇਹ ਏਈਰੇਟਰ ਨਦੀ 'ਚ ਚੱਲ ਰਹੇ ਪਾਣੀ ਅੰਦਰ ਆਕਸੀਜ਼ਨ ਨੂੰ ਘੋਲਣ ਦਾ ਕੰਮ ਕਰੇਗਾ। ਜਿਸ ਦਾ ਉਦਘਾਟਨ ਬੋਰਡ ਦੇ ਚੇਅਰਮੈਨ ਡਾ. ਐਸ. ਐਸ. ਮਰਵਾਹਾ ਤੇ ਮੈਂਬਰ ਸਕੱਤਰ ਇੰਜੀਨੀਅਰ ਕਰੁਨੇਸ਼ ਗਰਗ ਵਲੋਂ ਕੀਤਾ ਗਿਆ। ਇਸ ਏਈਰੇਟਰ ਦਾ ਪ੍ਰੀਖਣ ਪਟਿਆਲਾ ਦੀ ਵੱਡੀ ਨਦੀ 'ਚ ਇਸ ਲਈ ਕੀਤਾ ਗਿਆ ਹੈ ਕਿਉਂਕਿ ਇਸ ਨਦੀ ਦੇ ਆਲੇ-ਦੁਆਲੇ ਲੱਗੀਆਂ ਤਿੰਨ ਫੈਕਟਰੀਆਂ ਸਥਾਪਤ ਹਨ, ਜਿਨ੍ਹਾਂ ਨੇ ਬੋਰਡ ਨੂੰ ਉਕਤ ਏਈਰੇਟਰ ਲਗਾਉਣ ਲਈ ਭਰਪੂਰ ਸਹਿਯੋਗ ਦਿੱਤਾ ਹੈ।

ਪਾਣੀ 'ਚ ਆਕਸੀਜ਼ਨ ਦੀ ਮਾਤਰਾ ਵਧਾਉਣ ਲਈ ਲਗਾਇਆ ਗਿਆ ਏਈਰੇਟਰ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸੂਬੇ ਭਰ 'ਚ ਨਦੀਆਂ-ਨਾਲਿਆਂ ਦੇ ਪਾਣੀ ਦੇ ਨਿਰੀਖਣ ਤੋਂ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਪਾਣੀ 'ਚ ਘੁਲੀ ਹੋਈ ਆਕਸੀਜ਼ਨ ਦੀ ਮਾਤਰਾ ਬਹੁਤ ਹੀ ਘੱਟ ਹੈ। ਜੋ ਇਸ ਨਦੀ ਦੇ ਪ੍ਰਦੂਸ਼ਣ ਦਾ ਵੱਡਾ ਕਾਰਨ ਹੋ ਸਕਦੀ ਹੈ। ਇਸ ਪੈਡਲ ਏਈਰੇਟਰ ਲੱਗਣ ਨਾਲ ਨਦੀ 'ਚ ਆਕਸੀਜ਼ਨ ਘੁਲੇਗੀ। ਜਿਸ ਦੌਰਾਨ ਪਾਣੀ ਦੀ ਸ਼ੁੱਧਤਾ ਵਧੇਗੀ। 

ਆਕਸੀਜ਼ਨ ਦੇ ਪਾਣੀ 'ਚ ਘੁਲਣ ਨਾਲ ਪੈਦਾ ਹੋ ਸਕਣਗੇ ਨਵੇਂ ਜੀਵ-ਜੰਤੂ
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ. ਐਸ. ਐਸ. ਮਰਵਾਹਾ ਨੇ ਦੱਸਿਆ ਕਿ ਪ੍ਰਦੂਸ਼ਣ ਦੀ ਕਿਸੇ ਵੀ ਸਮੱਸਿਆ ਦਾ ਹੱਲ ਵਿਗਿਆਨਕ ਤਜਰਬਿਆਂ 'ਤੇ ਹੀ ਆਧਾਰਤ ਹੋਣਾ ਚਾਹੀਦਾ ਹੈ ਤੇ ਅੱਜ ਦਾ ਇਹ ਉਪਰਾਲਾ ਇਸ ਦਿਸ਼ਾ 'ਚ ਮੀਲ-ਪੱਥਰ ਸਾਬਤ ਹੋਵੇਗਾ। ਜਿਉਂ-ਜਿਉਂ ਪੈਡਲ ਏਈਰੇਟਰਾਂ ਰਾਹੀਂ ਇਸ ਨਦੀ ਦੇ ਪਾਣੀ 'ਚ ਘੁਲੀ ਹੋਈ ਆਕਸੀਜ਼ਨ ਦੀ ਮਾਤਰਾ ਵਧੇਗੀ। ਤਿਉਂ-ਤਿਉਂ ਪਾਣੀ ਦੀ ਸਵੈ-ਸ਼ੁੱਧੀਕਰਣ ਦੀ ਤਾਕਤ ਨੂੰ ਬਲ ਮਿਲੇਗਾ ਤੇ ਪਾਣੀ ਦੀ ਗੁਣਵੱਤਾ 'ਚ ਗੁਣਾਂਤਮਕ ਸੁਧਾਰ ਆਵੇਗਾ।ਇਸ ਦੌਰਾਨ ਆਕਸੀਜ਼ਨ ਦੇ ਪਾਣੀ 'ਚ ਸਹੀ ਮਾਤਰਾ 'ਚ ਹੋਣ ਕਾਰਨ ਨਵੇਂ ਜੀਵ-ਜੰਤੂ ਵੀ ਪੈਦਾ ਹੋਣਗੇ, ਜਿਸ ਨਾਲ ਪਾਣੀ 'ਚ ਆਉਣ ਵਾਲੀ ਬਦਬੂ ਵੀ ਖਤਮ ਹੋਵੇਗੀ।

ਉਨ੍ਹਾਂ ਦੱਸਿਆ ਕਿ ਹੁਣ ਲਗਾਤਾਰ ਇਸ ਨਦੀ ਦੇ ਪਾਣੀ ਦੀ ਗੁਣਵੱਤਾ ਮਾਪੀ ਜਾਵੇਗੀ ਤੇ ਨਤੀਜੇ ਉਤਸ਼ਾਹਜਨਕ ਹੋਣ ਉਪਰੰਤ ਇਹ ਵਿਵਸਥਾ ਬੁੱਢਾ ਨਾਲਾ, ਚਿੱਟੀ ਬੇਂਈ ਤੇ ਹੋਰ ਦੂਸ਼ਿਤ ਨਾਲਿਆਂ 'ਤੇ ਵੀ ਲਗਾਈ ਜਾਵੇਗੀ। ਉਨ੍ਹਾਂ ਇਸ ਉਦਮ ਲਈ ਤਿੰਨੋਂ ਉਦਯੋਗਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਨ੍ਹਾਂ ਉਦਯੋਗਾਂ ਨੇ ਆਪਣੀ ਸਮਾਜਿਕ, ਨੈਤਿਕ ਤੇ ਨਿਜੀ ਜਿੰਮੇਵਾਰੀ ਨੂੰ ਸਮਝਿਆ ਹੈ। ਇਸ ਵੱਡੀ ਪ੍ਰਾਪਤੀ ਲਈ ਖੇਤਰੀ ਦਫ਼ਤਰ ਪਟਿਆਲਾ ਦੇ ਐਕਸੀਅਨ ਲਵਨੀਤ ਦੁੱਬੇ ਤੇ ਉਹਨਾਂ ਦੀ ਟੀਮ ਨੇ ਦਿਨ-ਰਾਤ ਇੱਕ ਕਰਦਿਆਂ ਇਸ ਵਿਗਿਆਨਕ ਰਾਏ ਨੂੰ ਅਮਲੀ ਜਾਮਾ ਪਹਿਣਾਇਆ।